ਨਵੀਂ ਦਿੱਲੀ: 'ਏਪੀਬੀ ਨਿਊਜ਼' ਦੇ ਸਟਰਿੰਗ ਆਪਰੇਸ਼ਨ ‘ਸੀਐਮ ਕੀ ਨਾਕ ਕੇ ਨੀਚੇ’ ਦਾ ਵੱਡਾ ਅਸਰ ਹੋਇਆ ਹੈ। ਯੋਗੀ ਸਰਕਾਰ ਨੇ ਤਿੰਨ ਮੰਤਰੀਆਂ ਦੇ ਨਿੱਜੀ ਸਕੱਤਰਾਂ ਖ਼ਿਲਾਫ਼ ਜਾਂਚ ਦੇ ਹੁਕਮ ਦੇ ਦਿੱਤੇ ਹਨ। ਅੱਜ ਸਵੇਰੇ 11 ਵਜੇ ਤਕ ਇਸ ਦੀ ਰਿਪੋਰਟ ਮੰਗੀ ਗਈ ਸੀ ਮਗਰੋਂ ਇਨ੍ਹਾਂ ਮੁਅੱਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇਸ ਸਟਿੰਗ ਆਪਰੇਸ਼ਨ ਨੇ ਸਿਆਸੀ ਹਲਚਲ ਵਧਾ ਦਿੱਤੀ ਹੈ। ਸਮਾਜਵਾਦੀ ਪਾਰਟੀ ਨੇ ਸਟਿੰਗ ਨੂੰ ਭ੍ਰਿਸ਼ਟਾਚਾਰ ਦਾ ਸਬੂਤ ਦੱਸਦਿਆਂ ਬੀਜੇਪੀ ’ਤੇ ਤਿੱਖਾ ਹਮਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ‘ਏਬੀਪੀ ਨਿਊਜ਼’ ਦੇ ਸਟਿੰਗ ਆਪਰੇਸ਼ਨ ਵਿੱਚ ਯੂਪੀ ਸਰਕਾਰ ਦੇ ਮੰਤਰੀ ਓਨ ਪ੍ਰਕਾਸ਼ ਰਾਜਭਰ, ਅਰਚਨਾ ਪਾਂਡੇ ਤੇ ਸੰਦੀਪ ਸਿੰਘ ਦੇ ਨਿੱਜੀ ਸਕੱਤਰ ਕੈਮਰੇ ਵਿੱਚ ਰਿਸ਼ਵਤ ਦਾ ਸੌਦਾ ਕਰਦੇ ਕੈਦ ਹੋਏ ਸੀ।


ਸਮਾਜਵਾਦੀ ਪਾਰਟੀ ਨੇ ਸਟਿੰਗ ਬਾਰੇ ਟਵੀਟ ਕਰਦਿਆਂ ਲਿਖਿਆ ਕਿ ਤਿੰਨ ਮੰਤਰੀਆਂ ਦੇ ਨਿੱਜੀ ਸਕੱਤਰਾਂ ਵੱਲੋਂ ਰਿਸ਼ਵਤ ਦਾ ਸੌਦਾ ਕਰਨਾ ਸਮੁੱਚੀ ਬੀਜੇਪੀ ਸਰਕਾਰ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਸਬੂਤ ਹੈ। ਉਨ੍ਹਾਂ ਇਲਜ਼ਾਮਾਂ ਦੀ ਜਾਂਚ ਪੂਰੀ ਹੋਣ ਤੋਂ ਪਹਿਲਾਂ ਨੈਤਿਕਤਾ ਦੇ ਆਧਾਰ ’ਤੇ ਸੀਐਮ ਤੇ ਸਬੰਧਤ ਮੰਤਰੀਆਂ ਨੂੰ ਅਸਤੀਫ਼ੇ ਦੇਣ ਦੀ ਗੱਲ ਕਹੀ।

ਉੱਧਰ ਇਸ ਸਟਿੰਗ ਆਪਰੇਸ਼ਨ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਬੀਜੇਪੀ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਪੱਲਾ ਝਾੜ ਲਿਆ। ਰਾਜਭਰ ਨੇ ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਸਰਕਾਰੀ ਮੁਲਾਜ਼ਮ ਹਨ, ਉਨ੍ਹਾਂ ’ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਮੈਂ ਕਾਰਵਾਈ ਕਿਉਂ ਕਰਾਂ, ਮੁੱਖ ਸਕੱਤਰ ਕਰਨਗੇ। ਰਾਜ ਭਰ ਨੇ ਸਟਿੰਗ ਆਪਰੇਸ਼ਨ ਵਿੱਚ ਆਪਣੇ ਕਮਰੇ ’ਚ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਲੱਗੀਆਂ ਹੋਣ ਤੋਂ ਵੀ ਇਨਕਾਰ ਕਰ ਦਿੱਤਾ। ਹਾਲਾਂਕਿ ਬਾਅਦ ਵਿੱਚ ਉਹ ਮੰਨ ਗਏ ਕਿ ਉਹ ਉਨ੍ਹਾਂ ਦਾ ਹੀ ਕਮਰਾ ਸੀ।

ਸਟਿੰਗ ਆਪਰੇਸ਼ਨ ਵਿੱਚ ਘਿਰੀ ਦੂਜੀ ਮੰਤਰੀ ਅਰਚਨਾ ਪਾਂਡੇ ਨੇ ਦੋਸ਼ੀ ਨਿੱਜੀ ਸਕੱਤਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਹੈਰਾਨੀ ਵਾਲ ਗੱਲ ਹੈ ਕਿ ਉਨ੍ਹਾਂ ਦੇ ਕਮਰੇ ਵਿੱਚ ਹੀ ਇਹ ਕਾਰਾ ਕੀਤਾ ਜਾ ਰਿਹਾ ਸੀ। ਉਨ੍ਹਾਂ ਭਰੋਸਾ ਜਤਾਇਆ ਕਿ ਉਹ ਇਸ ਖ਼ਿਲਾਫ਼ ਜਾਂਚ ਕਰਵਾਉਣਗੇ ਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਏਗਾ। ਤੀਜੇ ਮੰਤਰੀ ਵਿਦੇਸ਼ ਵਿੱਚ ਹਨ, ਇਸ ਲਈ ਉਨ੍ਹਾਂ ਨਾਲ ਹਾਲੇ ਸੰਪਰਕ ਨਹੀਂ ਹੋ ਸਕਿਆ।