AC Blast in House Husband Wife Killed: ਕੜਾਕੇ ਦੀ ਗਰਮੀ ਜਾਨਲੇਵਾ ਬਣਦੀ ਜਾ ਰਹੀ ਹੈ। ਹੁਣ ਤੱਕ ਤੁਸੀਂ ਹੀਟ ਸਟ੍ਰੋਕ ਨਾਲ ਮੌਤਾਂ ਦੀਆਂ ਖਬਰਾਂ ਸੁਣੀਆਂ ਹੋਣਗੀਆਂ ਪਰ ਬੀਤੀ ਰਾਤ ਰਾਜਸਥਾਨ ਵਿੱਚ ਏਸੀ 'ਚ ਧਮਾਕਾ ਹੋਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਘਟਨਾ ਜੈਪੁਰ ਸ਼ਹਿਰ ਦੀ ਹੈ। ਮ੍ਰਿਤਕਾਂ ਦੀ ਪਛਾਣ ਇੰਟੀਰੀਅਰ ਡਿਜ਼ਾਈਨਰ ਪ੍ਰਵੀਨ ਵਰਮਾ ਤੇ ਉਸ ਦੀ ਪਤਨੀ ਰੇਣੂ, ਜੋ ਸੇਵਾਮੁਕਤ ਬੈਂਕ ਮੈਨੇਜਰ ਸੀ, ਵਜੋਂ ਹੋਈ ਹੈ।


ਪੁਲਿਸ ਨੇ ਦੋਵੇਂ ਪਤੀ-ਪਤਨੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ। ਬਲਾਸਟ ਹੋਣ ਨਾਲ ਘਰ ਨੂੰ ਵੀ ਅੱਗ ਲੱਗ ਗਈ। ਪੁਲਿਸ ਦੋਵਾਂ ਨੂੰ ਹਸਪਤਾਲ ਲੈ ਗਈ ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਥਾਈਲੈਂਡ 'ਚ ਰਹਿਣ ਵਾਲੇ ਉਸ ਦੇ ਬੇਟੇ ਨੂੰ ਬੁਲਾਇਆ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਜੈਪੁਰ ਦੇ ਜਵਾਹਰ ਨਗਰ ਇਲਾਕੇ ਦੀ ਰਾਮ ਕਾਲੋਨੀ ਗਲੀ ਨੰਬਰ 7 'ਚ ਵਾਪਰਿਆ। ਪ੍ਰਵੀਨ ਵਰਮਾ ਤੇ ਉਸ ਦੀ ਪਤਨੀ ਰੇਣੂ ਘਰ ਵਿੱਚ ਸਨ। ਅਚਾਨਕ ਏਸੀ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਇਸ ਕਾਰਨ ਘਰ ਨੂੰ ਅੱਗ ਲੱਗ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਦੌੜ ਕੇ ਆਏ। ਉਨ੍ਹਾਂ ਨੇ ਦੇਖਿਆ ਕਿ ਸਾਰਾ ਘਰ ਅੱਗ ਦੀਆਂ ਲਪਟਾਂ ਨਾਲ ਘਿਰਿਆ ਹੋਇਆ ਸੀ। 


ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਬਚਾਅ ਕਾਰਜ ਚਲਾਇਆ। ਅੱਗ ਬੁਝਾਊ ਅਮਲਾ ਖਿੜਕੀ ਰਾਹੀਂ ਘਰ ਅੰਦਰ ਦਾਖਲ ਹੋਇਆ। ਉਨ੍ਹਾਂ ਨੇ ਖਿੜਕੀ ਦਾ ਸ਼ੀਸ਼ਾ ਤੋੜ ਕੇ ਕਮਰੇ ਵਿੱਚ ਜਾ ਕੇ ਦੇਖਿਆ ਕਿ ਪ੍ਰਵੀਨ ਤੇ ਉਸ ਦੀ ਪਤਨੀ ਰੇਣੂ ਬੈੱਡ 'ਤੇ ਬੇਹੋਸ਼ ਪਏ ਸਨ।


ਫਾਇਰ ਕਰਮੀਆਂ ਮੁਤਾਬਕ ਪ੍ਰਵੀਨ ਤੇ ਰੇਣੂ ਸੌਂ ਰਹੇ ਸਨ। ਇਸ ਲਈ ਉਨ੍ਹਾਂ ਨੂੰ ਏਸੀ ਦੇ ਧਮਾਕੇ ਦਾ ਪਤਾ ਹੀ ਨਹੀਂ ਲੱਗਾ। ਇਸ ਤੋਂ ਪਹਿਲਾਂ ਕਿ ਉਹ ਜਾਗਦੇ ਅੱਗ ਦੇ ਧੂੰਏਂ ਕਾਰਨ ਉਹ ਬੇਹੋਸ਼ ਹੋ ਗਏ। ਘਰ ਅੰਦਰ ਕਾਲੇ ਧੂੰਏਂ ਦਾ ਬੱਦਲ ਛਾਇਆ ਹੋਇਆ ਸੀ। ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ, ਪਰ ਜਦੋਂ ਕਮਰੇ ਵਿੱਚ ਦਾਖਲ ਹੋਏ ਤਾਂ ਪ੍ਰਵੀਨ ਤੇ ਰੇਣੂ ਨੂੰ ਬੇਹੋਸ਼ ਪਾਇਆ। 


ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਅੱਗ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। 65 ਸਾਲਾ ਪ੍ਰਵੀਨ ਵਰਮਾ ਤੇ 60 ਸਾਲਾ ਰੇਣੂ ਵਰਮਾ ਦੀਆਂ ਲਾਸ਼ਾਂ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਹੈ। ਮ੍ਰਿਤਕ ਜੋੜੇ ਦਾ ਇਕਲੌਤਾ ਪੁੱਤਰ ਹਰਸ਼ਿਤ ਵਰਮਾ ਆਪਣੀ ਪਤਨੀ ਨਾਲ ਥਾਈਲੈਂਡ ਵਿਚ ਰਹਿੰਦਾ ਹੈ ਤੇ ਦੋਵੇਂ ਪੇਸ਼ੇ ਤੋਂ ਡਾਕਟਰ ਹਨ।