ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸਸਤੇ ਐਲਈਡੀ ਬੱਲਬ ਤੋਂ ਬਾਅਦ ਦੇਸ਼ ‘ਚ ਸਸਤੇ ਏਸੀ ਵੇਚਣ ਦਾ ਫੈਸਲਾ ਲਿਆ ਹੈ। ਬਿਜਲੀ ਮੰਤਰਾਲੇ ਅਧੀਨ ਆਉਣ ਵਾਲੀ ਕੰਪਨੀ ਐਨਰਜੀ ਐਫੀਸ਼ਿਏਂਸੀ ਸਰਵਿਸਿਜ਼ ਲਿਮਟਿਡ (ਈਈਐਸਐਲ) 1.5 ਟਨ ਪਾਵਰ ਵਾਲਾ ਇੰਵਰਟਰ ਏਸੀ 20% ਘੱਟ ਕੀਮਤ ‘ਚ ਖਰੀਦਣ ਦਾ ਆਫਰ ਦੇ ਰਹੀ ਹੈ। 5.4 ਸਟਾਰ ਰੇਟਿੰਗ ਵਾਲੇ ਏਸੀ ਦੀ ਕੀਮਤ 41,300 ਰੁਪਏ ਰੱਖੀ ਗਈ ਹੈ ਜਦਕਿ ਬਾਜ਼ਾਰ ‘ਚ ਜ਼ਿਆਦਾਤਰ 5 ਸਟਾਰ ਰੇਟਿੰਗ ਵਾਲੇ ਏਸੀ ਦੀ ਕੀਮਤ 50 ਹਜ਼ਾਰ ਰੁਪਏ ਤਕ ਹੁੰਦੀ ਹੈ।

ਇਸ ਤਰ੍ਹਾਂ ਦੇ ਏਸੀ ਲਈ ਈਈਐਸਐਲ ਨੇ ਵੋਲਟਾਸ ਕੰਪਨੀ ਨਾਲ ਕਰਾਰ ਕੀਤਾ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੌਰਭ ਕੁਮਾਰ ਨੇ ਦੱਸਿਆ ਕਿ ਸਿਰਫ ਉਨ੍ਹਾਂ ਦੇ ਏਸੀ ਨੂੰ ਹੀ ਪੂਰੇ ਭਾਰਤ ਵਿੱਚ 5.4 ਰੈਟਿੰਗ ਮਿਲੀ ਹੈ। ਇਹ ਏਸੀ ਬਿਜਲੀ ਬਚਾਉਣ ‘ਚ ਕਾਮਯਾਬ ਹਨ ਤੇ ਗਾਹਕਾਂ ਨੂੰ ਸਾਲਾਨਾ ਕਰੀਬ 300 ਯੂਨਿਟ ਬਿਜਲੀ ਬਚਾ ਕੇ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਤਹਿਤ ਪਹਿਲੇ ਗੇੜ ‘ਚ 50 ਹਜ਼ਾਰ ਏਸੀ ਵੇਚੇ ਜਾਣਗੇ। ਲੋਕਾਂ ਦੀ ਪ੍ਰਤੀਕ੍ਰਿਆ ਮਿਲਣ ਤੋਂ ਬਾਅਦ ਈਈਐਸਐਲ ਦੂਜੇ ਗੇੜ ਦੀ ਤਿਆਰੀ ਕਰੇਗਾ।

ਸੌਰਭ ਨੇ ਦੱਸਿਆ ਕਿ ਦਿੱਲੀ ਤੋਂ ਇਲਾਵਾ ਹੋਰ ਖੇਤਰਾਂ ਦੇ ਲੋਕ ਵੀ ਇਸ ਏਸੀ ਨੂੰ ਆਰਡਰ ਕਰ ਸਕਦੇ ਹਨ। ਜੇਕਰ ਉਨ੍ਹਾਂ ਦੇ ਖੇਤਰ ‘ਚ ਵੋਲਟਾਸ ਦੀ ਮੌਜੂਦਗੀ ਹੋਵੇਗੀ। ਗਾਹਕ ਇਸ ਦਾ ਆਰਡਰ ਆਨ ਲਾਈਨ ਜਾ ਕੇ ਹੀ ਕਰ ਪਾਉਣਗੇ।