ਸ਼੍ਰੀਨਗਰ: ਜੰਮੂ ਕਸ਼ਮੀਰ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੇ ਕਥਿਤ ਤੌਰ 'ਤੇ ਜੈਸ਼-ਏ-ਮਹੁੰਮਦ ਦੇ ਦੋ ਅੱਤਵਾਦੀਆਂ ਨੂੰ ਆਪਣੀ ਗੱਡੀ 'ਚ ਬਿਠਾ ਕੇ ਲਿਆਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਦੋਵੇਂ ਅੱਤਵਾਦੀ ਮੁਕਾਬਲੇ 'ਚ ਮਾਰੇ ਜਾ ਚੁੱਕੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਚਾਲਕ ਬਿਲਾਲ ਅਹਿਮਦ ਵਾਗੇ ਤੇ ਉਸ ਦੇ ਸਹਾਇਕ ਇਸ਼ਫਾਕ ਚੋਪਾਨ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਤੋਂ ਫੜਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਵਾਗੇ ਤੇ ਉਸ ਦਾ ਸਹਾਇਕ ਅੱਤਵਾਦੀਆਂ ਨੂੰ ਸੁੰਜਵਾਂ 'ਚ ਛੱਡਣ ਤੋਂ ਬਾਅਦ ਕਸ਼ਮੀਰ ਲਈ ਰਵਾਨਾ ਹੋ ਗਏ ਸੀ। ਇਕ ਅਧਿਕਾਰੀ ਨੇ ਦੱਸਿਆ ਉਨ੍ਹਾਂ ਨੂੰ ਸ਼ਨੀਵਾਰ ਨੂੰ ਕੋਕੇਰਨਾਗ ਤੋਂ ਦੇਰ ਰਾਤ ਚਲਾਈ ਮੁਹਿੰਮ 'ਚ ਗ੍ਰਿਫਤਾਰ ਕਰ ਲਿਆ ਗਿਆ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਮੁਕਾਬਲੇ ਦੇ ਸਬੰਧ 'ਚ ਇਕ ਵਿਅਕਤੀ ਨੂੰ ਫੜਿਆ ਸੀ ਤੇ ਇਕ ਹੋਰ ਨੂੰ ਹਿਰਾਸਤ 'ਚ ਲਿਆ ਸੀ।
ਵਾਗੇ ਤੇ ਚੋਪਾਨ 'ਤੇ ਮੁਕਾਬਲੇ ਤੋਂ ਇਕ ਦਿਨ ਪਹਿਲਾਂ ਸਾਂਬਾ ਜ਼ਿਲ੍ਹੇ ਦੇ ਸੁਪਵਾਲ ਤੋਂ ਜੰਮੂ ਦੇ ਸੁੰਜਵਾਨ ਤਕ ਪਸ਼ਤੋ ਬੋਲਣ ਵਾਲੇ ਜੈਈਐਮ ਦੇ ਦੋ ਅੱਤਵਾਦੀਆਂ ਨੂੰ ਲਿਜਾਣ ਦਾ ਦੋਸ਼ ਹੈ। ਇਹ ਅੱਤਵਾਦੀ ਸਰਹੱਦ ਪਾਰ ਕਰਕੇ ਪਾਕਿਸਤਾਨ ਜਾਂ ਅਫਗਾਨਿਸਤਾਨ ਤੋਂ ਆਏ ਸਨ। ਦੋਵੇਂ ਅੱਤਵਾਦੀਆਂ ਨੇ ਆਤਮਘਾਤੀ ਜੈਕਟਾਂ ਪਾਈਆਂ ਹੋਈਆਂ ਸਨ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਦੇ ਮੁਕਾਬਲੇ 'ਚ ਮਾਰਿਆ ਗਿਆ ਸੀ।
ਹਾਲਾਂਕਿ ਮੁਕਾਬਲੇ ਤੋਂ ਪਹਿਲਾਂ ਅੱਤਵਾਦੀ ਇੱਕ ਬੱਸ 'ਤੇ ਹਮਲਾ ਕਰਨ 'ਚ ਕਾਮਯਾਬ ਹੋ ਗਏ। ਜਿਸ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦਾ ਇੱਕ ਸਹਾਇਕ ਸਬ-ਇੰਸਪੈਕਟਰ ਮਾਰਿਆ ਗਿਆ। ਇਹ ਹਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਂਬਾ ਜ਼ਿਲ੍ਹੇ ਦੇ ਪ੍ਰਸਤਾਵਿਤ ਦੌਰੇ ਤੋਂ ਦੋ ਦਿਨ ਪਹਿਲਾਂ ਹੋਇਆ ਸੀ। ਜਿਸ 'ਚ ਦੋ ਪੁਲਿਸ ਮੁਲਾਜ਼ਮਾਂ ਸਮੇਤ ਨੌਂ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ।