ਮੁੰਬਈ: ਐਕਟਰ ਸੰਜੇ ਦੱਤ ਇੱਕ ਵਾਰ ਫੇਰ ਤੋਂ ਰਾਜਨੀਤੀ ‘ਚ ਕਦਮ ਰੱਖਣ ਜਾ ਰਹੇ ਹਨ। ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਮਹਾਦੇਵ ਜਾਨਕਰ ਨੇ ਦਾਅਵਾ ਕੀਤਾ ਹੈ ਕਿ ਸੰਜੇ 25 ਸਤੰਬਰ ਨੂੰ ਉਨ੍ਹਾਂ ਦੀ ਪਾਰਟੀ ਆਰਐਸਪੀ ‘ਚ ਸ਼ਾਮਲ ਹੋਣਗੇ। ਮਹਾਦੇਵ ਆਰਐਸਪੀ ਦੇ ਮੋਢੀ ਹਨ। ਉਂਝ ਐਕਟਰ ਦੱਤ ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦਾ ਹਿੱਸਾ ਰਹਿ ਚੁੱਕੇ ਹਨ।

ਆਰਐਸਪੀ ਮਹਾਰਾਸ਼ਟ ‘ਚ ਸੱਤਾਧਾਰੀ ਭਾਜਪਾ ਦੀ ਸਾਥੀ ਪਾਰਟੀ ਹੈ। ਐਤਵਾਰ ਨੂੰ ਪਸ਼ੂ ਪਾਲਨ ਤੇ ਡੇਅਰੀ ਵਿਕਾਸ ਮੰਤਰੀ ਮਹਾਦੇਵ ਜਾਨਕਰ ਨੇ ਪਾਰਟੀ ਦੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਪਾਰਟੀ ਦੇ ਵਿਸਥਾਰ ਲਈ ਫ਼ਿਲਮ ਖੇਤਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਐਕਟਰ ਸੰਜੇ ਦੱਤ ਵੀ 25 ਸਤੰਬਰ ਨੂੰ ਰਾਸ਼ਟਰੀ ਸਮਾਜ ਪਾਰਟੀ ‘ਚ ਸ਼ਾਮਲ ਹੋ ਰਹੇ ਹਨ।

1993 ‘ਚ ਬੰਬ ਧਮਾਕੇ ਮਾਮਲੇ ‘ਚ ਸਜ਼ਾ ਹੋ ਜਾਣ ਤੋਂ ਬਾਅਦ ਉਹ ਹੁਣ ਚੋਣ ਨਹੀਂ ਲੜ ਸਕਦੇ। ਸੰਜੇ ਦੱਤ 2009 ‘ਚ ਸਪਾ ਦੇ ਟਿਕਟ ‘ਤੇ ਲਖਨਊ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ‘ਚ ਉੱਤਰੇ ਸੀ, ਪਰ ਅਦਾਲਤ ਵੱਲੋਂ ਆਰਮ ਐਕਟ ਤਹਿਤ ਸਜ਼ਾ ਨੂੰ ਮੁਅੱਤਲ ਕਰਨ ਤੋਂ ਬਾਅਦ ਉਹ ਪਿੱਛੇ ਹਟ ਗਏ ਸੀ। ਸੰਜੇ ਦੱਤ ਸਪਾ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ।