Ad Guru Piyush Pandey Passes Away: ਭਾਰਤੀ ਵਿਗਿਆਪਨ ਦੁਨੀਆ ਨੂੰ ਵੱਡਾ ਝਟਕਾ ਲੱਗਾ ਹੈ। ਐਡ ਗੁਰੂ ਦੇ ਨਾਮ ਨਾਲ ਮਸ਼ਹੂਰ ਪਿਊਸ਼ ਪਾਂਡੇ ਦਾ ਦੇਹਾਂਤ ਹੋ ਗਿਆ ਹੈ। ਉਹ 70 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ। ਉਨ੍ਹਾਂ ਨੇ ਮੁੰਬਈ ਵਿੱਚ ਅਖੀਰੀ ਸਾਹ ਲਏ। ਉਹਨਾਂ ਨੇ 'ਅਬਕੀ ਬਾਰ ਮੋਦੀ ਸਰਕਾਰ' ਅਤੇ 'ਠੰਢਾ ਮਤਲਬ ਕੋਕਾ ਕੋਲਾ' ਸਮੇਤ ਕਈ ਮਸ਼ਹੂਰ ਵਿਗਿਆਪਨ ਬਣਾਏ। ਪਿਊਸ਼ ਪਾਂਡੇ ਦਾ ਜਨਮ ਰਾਜਸਥਾਨ ਦੇ ਜੈਪੁਰ ਵਿੱਚ ਹੋਇਆ ਸੀ। ਹਾਲਾਂਕਿ ਮੌਤ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋਇਆ।
ਪਿਊਸ਼ ਨੇ 27 ਸਾਲ ਦੀ ਉਮਰ ਵਿੱਚ ਵਿਗਿਆਪਨ ਦੁਨੀਆ ਵਿੱਚ ਕਦਮ ਰੱਖਿਆ ਸੀ। ਉਹਨਾਂ ਨੇ ਆਪਣੇ ਭਰਾ ਪ੍ਰਸੂਨ ਪਾਂਡੇ ਨਾਲ ਮਿਲ ਕੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਦੋਵੇਂ ਰੇਡੀਓ ਜਿੰਗਲਜ਼ ਲਈ ਆਪਣੀ ਆਵਾਜ਼ ਦਿੰਦੇ ਸਨ। ਉਹਨਾਂ ਨੇ 1982 ਵਿੱਚ ਵਿਗਿਆਪਨ ਕੰਪਨੀ ਓਗਿਲਵੀ ਨਾਲ ਕੰਮ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ 1994 ਵਿੱਚ ਉਹਨਾਂ ਨੂੰ ਓਗਿਲਵੀ ਦੇ ਬੋਰਡ ਵਿੱਚ ਨੋਮੀਨੇਟ ਕੀਤਾ ਗਿਆ। ਸਭ ਤੋਂ ਖਾਸ ਗੱਲ ਇਹ ਹੈ ਕਿ 2016 ਵਿੱਚ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪਦਮਸ਼ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਫਿਲਮਮੇਕਰ ਹੰਸਲ ਮਹੇਤਾ ਸਮੇਤ ਸਿਨੇਮਾ ਦੁਨੀਆ ਦੇ ਕਈ ਦਿੱਗਜਾਂ ਨੇ ਪਿਊਸ਼ ਪਾਂਡੇ ਦੇ ਦੇਹਾਂਤ 'ਤੇ ਦੁਖ ਪ੍ਰਗਟਾਇਆ ਹੈ। ਹੰਸਲ ਮਹੇਤਾ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਲਿਖਿਆ, "ਫੇਵਿਕੋਲ ਦਾ ਜੋੜ ਟੁੱਟ ਗਿਆ। ਅੱਜ ਐਡ ਵਰਲਡ ਨੇ ਆਪਣਾ ਗਲੂ ਖੋ ਦਿੱਤਾ।"
ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪਿਊਸ਼ ਪਾਂਡੇ ਦੇ ਦੇਹਾਂਤ 'ਤੇ ਦੁਖ ਪ੍ਰਗਟਾਇਆ। ਉਹਨਾਂ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਲਿਖਿਆ, "ਪਦਮਸ਼ਰੀ ਪਿਊਸ਼ ਪਾਂਡੇ ਦੇ ਦੇਹਾਂਤ 'ਤੇ ਦੁਖ ਪ੍ਰਗਟਾਉਣ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਵਿਗਿਆਪਨ ਦੁਨੀਆ ਵਿੱਚ ਇੱਕ ਮਹਾਨ ਸ਼ਖਸੀਅਤ, ਉਹਨਾਂ ਦੀ ਰਚਨਾਤਮਕ ਪ੍ਰਤਿਭਾ ਨੇ ਕਹਾਣੀ ਦੱਸਣ ਦੀ ਕਲਾ ਨੂੰ ਨਵੀਂ ਪਰਿਭਾਸ਼ਾ ਦਿੱਤੀ ਅਤੇ ਸਾਨੂੰ ਕਦੇ ਨਾ ਭੁੱਲਣ ਯੋਗ ਕਹਾਣੀਆਂ ਦਿੱਤੀਆਂ।"
ਉਹਨਾਂ ਲਿਖਿਆ, "ਮੇਰੇ ਲਈ ਉਹ ਇੱਕ ਅਜਿਹੇ ਮਿੱਤਰ ਸਨ, ਜਿਹਨਾਂ ਦੀ ਪ੍ਰਤਿਭਾ ਉਹਨਾਂ ਦੀ ਅਸਲੀਅਤ, ਗਰਮਜੋਸ਼ੀ ਅਤੇ ਬੁੱਧੀਮਾਨੀ ਨਾਲ ਪ੍ਰਗਟ ਹੁੰਦੀ ਸੀ। ਮੈਂ ਸਾਡੀਆਂ ਰੁਚਿਕਰ ਗੱਲਬਾਤਾਂ ਨੂੰ ਹਮੇਸ਼ਾ ਸੰਭਾਲ ਕੇ ਰੱਖਾਂਗਾ। ਉਹ ਆਪਣੇ ਪਿੱਛੇ ਇੱਕ ਡੂੰਘਾ ਖਾਲੀਪਨ ਛੱਡ ਕੇ ਗਏ ਹਨ, ਜਿਸਨੂੰ ਭਰਨਾ ਮੁਸ਼ਕਲ ਹੋਵੇਗਾ। ਉਹਨਾਂ ਦੇ ਪਰਿਵਾਰ, ਮਿੱਤਰਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਓਮ ਸ਼ਾਂਤੀ!"
ਦੱਸਣ ਯੋਗ ਗੱਲ ਹੈ ਕਿ ਪਿਊਸ਼ ਪਾਂਡੇ ਨੇ ਕੋਕਾ-ਕੋਲਾ ਕੰਪਨੀ ਲਈ "ਠੰਢਾ ਮਤਲਬ ਕੋਕਾ ਕੋਲਾ", ਕੈਡਬਰੀ ਲਈ "ਕੁਝ ਮਿੱਠਾ ਹੋ ਜਾਵੇ" ਸਮੇਤ ਹੋਰ ਕਈ ਮਸ਼ਹੂਰ ਵਿਗਿਆਪਨ ਤਿਆਰ ਕੀਤੇ ਸਨ।