ਰੌਬਟ ਦੀ ਰਿਪੋਰਟ


ਚੰਡੀਗੜ੍ਹ: ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਤੇ ਗੌਤਮ ਅਡਾਨੀ ਦਾ ਅਡਾਨੀ ਗਰੁੱਪ ਆਖਰਕਾਰ ਕਿਸਾਨਾਂ ਦੇ ਅੰਦੋਲਨ ਤੋਂ ਡਰ ਹੀ ਗਿਆ ਹੈ। ਕੰਪਨੀ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਹ ਨਾ ਤਾਂ ਕੌਨਟਰੈਕਟ ਫਾਰਮਿੰਗ ਕਰਦੀ ਹੈ ਤੇ ਨਾ ਹੀ ਕੰਪਨੀ ਦਾ ਭਵਿੱਖ ਵਿੱਚ ਕੌਨਟਰੈਕਟ ਫਾਰਮਿੰਗ ਕਰਨ ਦਾ ਕੋਈ ਇਰਾਦਾ ਹੈ। ਰਿਲਾਇੰਸ ਨੂੰ ਇਨ੍ਹੀਂ ਦਿਨੀਂ ਕਿਸਾਨਾਂ ਕਾਰਨ ਬਹੁਤ ਪ੍ਰੇਸ਼ਾਨੀ ਝੱਲਣੀ ਪਈ ਹੈ। ਪੰਜਾਬ ਤੇ ਹਰਿਆਣਾ ਵਿੱਚ ਅੰਬਾਨੀ ਤੇ ਅਡਾਨੀ ਨੂੰ ਵਿਰੋਧ ਦਾ ਕਾਫੀ ਸਾਹਮਣਾ ਕਰਨਾ ਪਿਆ ਹੈ। ਕਿਸਾਨ ਰਿਲਾਇੰਸ ਜੀਓ ਦੇ ਟਾਵਰਾਂ ਨੂੰ ਬੰਦ ਰਹੇ ਹਨ ਤੇ ਬਹੁਤ ਸਾਰੇ ਕਿਸਾਨਾਂ ਨੇ ਜੀਓ ਦੇ ਸਿਮ ਕਿਸੇ ਹੋਰ ਵਿਰੋਧੀ ਕੰਪਨੀ ਵਿੱਚ ਤਬਦੀਲ ਕਰ ਲਏ ਹਨ।

ਭਾਵੇਂ ਅਡਾਨੀ-ਅੰਬਾਨੀ ਵੱਲੋਂ ਸਫਾਈ ਆ ਚੁੱਕੀ ਹੈ ਪਰ ਕਿਸਾਨਾਂ ਦਾ ਡਰ ਬਿਲਕੁੱਲ ਜਾਇਜ਼ ਹੈ। ਉਹ ਅਡਾਨੀ-ਅੰਬਾਨੀ ਨੂੰ ਖੇਤੀਬਾੜੀ ਨਾਲ ਵੀ ਜੋੜ ਰਹੇ ਹਨ। ਅੰਬਾਨੀ ਦਾ ਰਿਲਾਇੰਸ ਫਰੈਸ਼ ਸਿੱਧੇ ਤੌਰ 'ਤੇ ਕਿਸਾਨਾਂ ਤੋਂ ਖਰੀਦਦਾ ਹੈ, ਜਦੋਂਕਿ ਅਡਾਨੀ ਦਾ ਫਾਰਚਿਊਨ ਬ੍ਰਾਂਡ ਆਟਾ, ਮੈਦਾ, ਬੇਸਨ ਤੋਂ ਲੈ ਕੇ ਖਾਣ ਵਾਲੇ ਤੇਲਾਂ ਨੂੰ ਵੇਚਣ ਤੱਕ ਦੇ ਕਾਰੋਬਾਰ ਵਿੱਚ ਹੈ। ਅਜਿਹੀ ਸਥਿਤੀ ਵਿੱਚ, ਕਿਸਾਨ ਡਰਦੇ ਹਨ ਕਿ ਹੌਲੀ-ਹੌਲੀ ਖੇਤੀਬਾੜੀ ਵੀ ਅਡਾਨੀ-ਅੰਬਾਨੀ ਵਰਗੇ ਉਦਯੋਗਪਤੀਆਂ ਦੇ ਹੱਥ 'ਚ ਜਾਵੇਗੀ।

ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਨਾ ਤਾਂ ਰਿਲਾਇੰਸ ਤੇ ਨਾ ਹੀ ਇਸਦੀ ਸਹਾਇਕ ਧਿਰਾਂ ਨੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਪੰਜਾਬ ਜਾਂ ਹਰਿਆਣਾ ਜਾਂ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਕਾਰਪੋਰੇਟ ਜਾਂ ਠੇਕੇ ਤੇ ਖੇਤੀ ਲਈ ਖੇਤੀਬਾੜੀ ਵਾਲੀ ਜ਼ਮੀਨ ਖਰੀਦੀ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਹਮੇਸ਼ਾ ਉਨ੍ਹਾਂ ਦੇ ਲਾਭ ਲਈ ਕਿਸਾਨਾਂ ਦੀ ਸਹਾਇਤਾ ਕਰੇਗੀ। ਨਾਲ ਹੀ, ਕੰਪਨੀ ਨੇ ਇਹ ਵੀ ਕਿਹਾ ਹੈ ਕਿ ਭਵਿੱਖ ਵਿੱਚ ਕੌਨਟਰੈਕਟ ਫਾਰਮਿੰਗ ਦੀ ਇਸਦੀ ਕੋਈ ਯੋਜਨਾ ਨਹੀਂ।

ਪਿਛਲੇ ਮਹੀਨੇ, ਅਡਾਨੀ ਗਰੁੱਪ ਨੇ ਵੀ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਕੰਪਨੀ ਸਿਰਫ ਅਨਾਜ ਸਟੋਰ ਕਰਨ ਦੇ ਕਾਰੋਬਾਰ ਵਿੱਚ ਹੈ ਤੇ ਅਨਾਜ ਦੀ ਕੀਮਤ ਨੂੰ ਕਿਸੇ ਵੀ ਤਰਾਂ ਪ੍ਰਭਾਵਤ ਨਹੀਂ ਕਰਦੀ। ਉਸ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਇਹ ਵੀ ਫੈਸਲਾ ਨਹੀਂ ਕਰਦੀ ਕਿ ਕਿੰਨੀ ਸਟੋਰੇਜ ਕਰਨੀ ਹੈ। ਉਹ ਸਿਰਫ ਖੁਰਾਕ ਨਿਗਮ ਨੂੰ ਸੇਵਾ ਦੇ ਰਹੀ ਹੈ।ਅਡਾਨੀ ਸਮੂਹ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਕੰਪਨੀ ਕਿਸਾਨਾਂ ਤੋਂ ਕੋਈ ਅਨਾਜ ਨਹੀਂ ਖਰੀਦਦੀ।