ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਦੇਸ਼ ਦੇ ਕਈ ਸੂਬਿਆਂ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤਹਿਤ ਮਰੀਜ਼ਾਂ ਦੀ ਗਿਣਤੀ 'ਚ ਇਜ਼ਾਫਾ ਹੋ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਵੀ ਦਿਨ ਬ ਦਿਨ ਵਧਦੀ ਜਾ ਰਹੀ ਹੈ। ਅਜਿਹੇ 'ਚ ਕੋਰੋਨਾ ਦੀ ਰੋਕਥਾਮ ਲਈ ਸਭ ਨੂੰ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਹੈ।


ਇਸ ਦਰਮਿਆਨ ਸੀਰਮ ਇੰਸਟੀਟਿਊਟ ਆਫ ਇੰਡੀਆਂ ਨੇ ਦਾਅਵਾ ਕੀਤਾ ਹੈ ਕਿ ਐਮਰਜੈਂਸੀ ਲਈ ਇਸ ਸਾਲ ਦੇ ਆਖੀਰ ਤਕ 250 ਰੁਪਏ 'ਚ ਕੋਰੋਨਾ ਵਾਇਰਸ ਦੀ ਵੈਕਸੀਨ ਬਜ਼ਾਰ 'ਚ ਉਪਲਬਧ ਹੋ ਸਕਦੀ ਹੈ।


ਸੀਰਮ ਇੰਸਟੀਟਿਊਟ ਆਫ ਇੰਡੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਦਰ ਪੂਨਾਵਾਲਾ ਦਾ ਕਹਿਣਾ ਹੈ ਕਿ ਦਵਾਈ ਕੰਪਨੀ ਐਸਟ੍ਰਾਜੈਨੇਕਾ ਨੇ ਕੋਵਿਡ 19 ਦੀ ਸੰਭਾਵਿਤ ਵੈਕਸੀਨ ਨੂੰ ਕਾਫੀ ਪ੍ਰਭਾਵੀ ਬਣਾਇਆ ਹੈ। ਇਹ ਛੇਤੀ ਹੀ ਲੋਕਾਂ ਲਈ ਉਪਲਬਧ ਹੋ ਸਕਦੀ ਹੈ।


ਇਸ ਦੇ ਨਾਲ ਹੀ ਔਕਸਫੋਰਡ ਦੀ ਕੋਰੋਨਾ ਵੈਕਸੀਨ ਨੂੰ ਲੈਕੇ ਆਦਰ ਪੂਨਾਵਾਲਾ ਨੇ ਦਾਅਵਾ ਕੀਤਾ ਕਿ ਇਹ ਵੈਕਸੀਨ ਸੀਰਮ ਇੰਸਟੀਟਿਊਟ ਆਫ ਇੰਡੀਆਂ ਸਰਕਾਰ ਨੂੰ 250 ਰੁਪਏ 'ਚ ਮੁਹੱਈਆ ਕਰਵਾਏਗਾ। ਇਸ ਤੋਂ ਇਲਾਵਾ ਇਸ ਨੂੰ ਹੋਰ ਫਾਰਮੈਸੀਆਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਡੋਜ਼ ਦੇ ਹਿਸਾਬ ਨਾਲ ਵੇਚਿਆ ਜਾਵੇਗਾ। ਐਮਰਜੈਂਸੀ ਦੇ ਤੌਰ 'ਤੇ ਇਹ ਸਾਲ ਦੇ ਆਖੀਰ ਤਕ ਬਜ਼ਾਰ 'ਚ ਉਪਲਬਧ ਹੋਵੇਗੀ।


ਪੂਨਾਵਾਲਾ ਨੇ ਦਾਅਵਾ ਕੀਤਾ ਕਿ ਅਗਲੇ ਸਾਲ ਦੀ ਸ਼ੁਰੂਆਤ 'ਚ ਜਨਵਰੀ ਤਕ 10 ਕਰੋੜ ਕੋਰੋਨਾ ਵੈਕਸੀਨ ਦੀ ਡੋਜ਼ ਉਪਲਬਧ ਹੋਵੇਗੀ। ਉੱਥੇ ਹੀ ਫਰਵਰੀ ਦੇ ਅੰਤ ਤਕ ਇਸ ਦੇ ਹੋਰ ਜ਼ਿਆਦਾ ਡੋਜ਼ ਤਿਆਰ ਕੀਤੇ ਜਾ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਵੈਕਸੀਨ ਜਲਦ ਹੀ ਲਾਈ ਜਾਵੇ।


ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆਂ 'ਚ ਵਾਧਾ ਦੇਖਿਆ ਜਾ ਰਿਹਾ ਹੈ। ਦੇਸ਼ 'ਚ ਹੁਣ ਤਕ 91 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਇਨ੍ਹਾਂ 'ਚੋਂ 1.34 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ 86 ਲੱਖ ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਠੀਕ ਹੋ ਗਏ ਹਨ ਤੇ ਅਜੇ ਵੀ ਦੇਸ਼ ਭਰ 'ਚ ਕਰੀਬ 4 ਲੱਖ 37 ਹਜ਼ਾਰ ਐਕਟਿਵ ਕੇਸ ਹਨ।