ਸਿਰਸਾ: ਅੱਜ ਡੇਰਾ ਸੱਚਾ ਸੌਦਾ ਦੇ ਸਾਲਾਨਾ ਸਥਾਪਨਾ ਦੇ ਮੱਦੇਨਜ਼ਰ ਸਿਰਸਾ ਪੁਲਿਸ ਨੇ ਸੁਰੱਖਿਆ ਬਲਾਂ ਦੀਆਂ ਦੋ ਵਾਧੂ ਕੰਪਨੀਆਂ ਤਇਨਾਤ ਕੀਤੀਆਂ ਹਨ।  ਹਾਲਾਂਕਿ ਡੇਰੇ ਤੋਂ ਸਥਾਪਨਾ ਦਿਵਸ ਮਨਾਏ ਜਾਣ ਦੀ ਅਜੇ ਕੋਈ ਅਧਿਕਾਰਿਤ ਸੂਚਨਾ ਨਹੀਂ ਹੈ ਪਰ ਸੂਤਰਾਂ ਮੁਤਾਬਕ ਪੁਲਿਸ ਇਹ ਯਕੀਨੀ ਬਣਾ ਰਹੀ ਹੈ ਕਿ ਇਸ ਮੌਕੇ ਡੇਰੇ ਵਿੱਚ ਜ਼ਿਆਦਾ ਲੋਕਾਂ ਦਾ ਇਕੱਠ ਨਾ ਹੋਵੇ।

 

ਡੇਰੇ ਨੂੰ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਡੇਰਾ ਪ੍ਰਬੰਧਕਾਂ ਨੂੰ ਵੀ ਅੱਜ ਡੇਰੇ ਵਿੱਚ ਜ਼ਿਆਦਾ ਇਕੱਠ ਨਾ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਡੇਰਾ ਪ੍ਰਬੰਧਕਾਂ ਨੇ ਪੁਲਿਸ ਨੂੰ ਦੱਸਿਆ ਕਿ ਸਥਾਪਨਾ ਦਿਵਸ ਮੌਕੇ ਉਹ ਡੇਰੇ ਦੇ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਸਿਹਤ ਜਾਂਚ ਕੈਂਪ ਲਾਉਣਗੇ ਪਰ ਕੈਂਪ ਵਿੱਚ ਸਿਰਫ਼ ਜ਼ਰੂਰਤਮੰਦਾਂ ਨੂੰ ਹੀ ਡੇਰੇ ਦੇ ਅੰਦਰ ਆਉਣ ਦਿੱਤਾ ਜਾਵੇਗਾ। ਡੇਰਾ ਪ੍ਰਬੰਧਕਾਂ ’ਚੋਂ ਕੋਈ ਵੀ ਰਿਕਾਰਡ ਬਾਰੇ ਬੋਲਣ ਨੂੰ ਤਿਆਰ ਨਹੀਂ ਸੀ ਪਰ ਸੂਤਰਾਂ ਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਣ ਪਿੱਛੋਂ ਡੇਰੇ ਵਿੱਚ ਸਤਸੰਗ ਹੋਣਾ ਸ਼ੁਰੂ ਹੋ ਗਿਆ ਹੈ।

ਜਾਣਕਾਰੀ ਮੁਤਾਬਕ ਹਰ ਐਤਵਾਰ ਸਤਸੰਗ ਮੌਕੋ 5 ਤੋਂ 10 ਹਜ਼ਾਰ ਲੋਕ ਡੇਰੇ ਵਿੱਚ ਇਕੱਤਰ ਹੁੰਦੇ ਹਨ ਪਰ ਸਥਾਪਨਾ ਦਿਵਸ ਮੌਕੇ ਭੀੜ ਵਧ ਸਕਦੀ ਹੈ। ਡੇਰੇ ਦੀ ਸਥਾਪਨਾ 29 ਅਪਰੈਲ, 1948 ਨੂੰ ਸ਼ਾਹ ਮਸਤਾਨਾ ਬਲੋਚਸਤਾਨੀ ਨੇ ਕੀਤੀ ਸੀ। 29 ਅਪ੍ਰੈਲ 2007 ਨੂੰ ਰਾਮ ਰਹੀਮ ਨੇ ਸਿਰਸਾ ਵਿੱਚ ਪਹਿਲੀ ਵਾਰ ਆਪਣੇ ਪੈਰੋਕਾਰਾਂ ਨੂੰ 'ਜਾਮ-ਏ-ਇਨਸਾਂ' ਪਿਲਾਇਆ ਸੀ ਜਿਸ ਨੂੰ ਲੈ ਕੇ ਸਿੱਖਾਂ ਤੇ ਰਾਮ ਰਹੀਮ ਵਿਚਾਲੇ ਵਿਵਾਦ ਪੈਦਾ ਹੋ ਗਿਆ ਜੋ ਕਾਫ਼ੀ ਲੰਮਾ ਸਮਾਂ ਚੱਲਿਆ।