Aditya-L1 Mission: ਭਾਰਤ ਦਾ ਸੂਰਜ ਮਿਸ਼ਨ ਆਦਿਤਿਆ ਐਲ-1 ਸਫਲਤਾਪੂਰਵਕ ਧਰਤੀ ਦੇ ਓਰਬਿਟ 'ਚ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਪਹਿਲੇ ਸੂਰਜੀ ਮਿਸ਼ਨ ਆਦਿਤਿਆ-ਐਲ1 ਦੀ ਸਫਲਤਾਪੂਰਵਕ ਲਾਂਚਿੰਗ ਲਈ ਇਸਰੋ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਭਾਰਤ ਨੇ ਆਪਣੀ ਪੁਲਾੜ ਯਾਤਰਾ ਜਾਰੀ ਰੱਖੀ ਹੈ।
ਪੀਐਮ ਮੋਦੀ ਨੇ ਟਵੀਟ ਕੀਤਾ, 'ਸਾਡੀਆਂ ਅਣਥੱਕ ਵਿਗਿਆਨਕ ਕੋਸ਼ਿਸ਼ਾਂ ਪੂਰੀ ਮਨੁੱਖਤਾ ਦੀ ਭਲਾਈ ਲਈ ਬ੍ਰਹਿਮੰਡ ਦੀ ਬਿਹਤਰ ਸਮਝ ਵਿਕਸਿਤ ਕਰਨ ਲਈ ਜਾਰੀ ਰਹਿਣਗੀਆਂ।'
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਦਿਤਿਆ ਐਲ-1 ਦੀ ਸਫਲਤਾਪੂਰਵਕ ਲਾਂਚਿੰਗ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ, 'ਸਾਡੇ ਵਿਗਿਆਨੀਆਂ ਨੇ ਵਾਰ-ਵਾਰ ਆਪਣੀ ਤਾਕਤ ਅਤੇ ਪ੍ਰਤਿਭਾ ਨੂੰ ਸਾਬਤ ਕੀਤਾ ਹੈ। ਭਾਰਤ ਦੇ ਪਹਿਲੇ ਸੂਰਜੀ ਮਿਸ਼ਨ ਆਦਿਤਿਆ L1 ਦੇ ਸਫਲ ਲਾਂਚ 'ਤੇ ਰਾਸ਼ਟਰ ਨੂੰ ਮਾਣ ਅਤੇ ਖੁਸ਼ੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਸਰੋ ਨੂੰ ਵਧਾਈ ਦਿੰਦੇ ਹੋਏ ਲਿਖਿਆ, 'ਅੰਮ੍ਰਿਤ ਕਾਲ ਦੌਰਾਨ ਪੁਲਾੜ ਖੇਤਰ 'ਚ ਆਤਮ-ਨਿਰਭਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਨੂੰ ਪੂਰਾ ਕਰਨ ਦੀ ਦਿਸ਼ਾ 'ਚ ਇਹ ਵੱਡਾ ਕਦਮ ਹੈ।'
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਸਰੋ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ, 'ਸ਼ਨੀਵਾਰ ਨੂੰ 1.4 ਅਰਬ ਭਾਰਤੀਆਂ ਲਈ ਇਤਿਹਾਸਕ 'ਸਨ ਡੇ' ਹੈ। ਅੱਜ ਇਸਰੋ ਦੁਆਰਾ ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਆਦਿਤਿਆ-ਐਲ1 ਸਫਲਤਾਪੂਰਵਕ ਲਾਂਚ ਕੀਤਾ ਗਿਆ ਹੈ। ਉਹ ਲਿਖਦੇ ਹਨ, ਮਿਸ਼ਨ ਚੰਦਰਯਾਨ 3 ਅਤੇ ਮੰਗਲਯਾਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਭਾਰਤ ਹੁਣ ਸੂਰਜ ਵੱਲ ਵੱਧ ਰਿਹਾ ਹੈ।
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਆਦਿਤਿਆ ਐਲ1 ਦੇ ਲਾਂਚ ਤੋਂ ਬਾਅਦ ਟਵੀਟ ਕੀਤਾ। ਉਨ੍ਹਾਂ ਲਿਖਿਆ, 'ਚੰਨ 'ਤੇ ਸਫਲਤਾਪੂਰਵਕ ਲੈਂਡਿੰਗ ਤੋਂ ਬਾਅਦ ਭਾਰਤ ਸੂਰਜ ਵੱਲ ਵੱਧ ਰਿਹਾ ਹੈ। ਸੂਰਜ ਦਾ ਅਧਿਐਨ ਕਰਨ ਲਈ ਭਾਰਤ ਦੇ ਪਹਿਲੇ ਪੁਲਾੜ ਆਧਾਰਿਤ ਮਿਸ਼ਨ ਆਦਿਤਿਆ-ਐਲ1 ਦੇ ਸਫਲ ਲਾਂਚ 'ਤੇ ਇਸਰੋ ਨੂੰ ਦਿਲੋਂ ਵਧਾਈਆਂ। ਸਾਨੂੰ ਆਪਣੇ ਵਿਗਿਆਨੀਆਂ ਅਤੇ ਇੰਜਨੀਅਰਾਂ 'ਤੇ ਮਾਣ ਹੈ, ਜੋ ਆਪਣੀ ਅਸਾਧਾਰਣ ਪ੍ਰਤਿਭਾ ਅਤੇ ਦ੍ਰਿੜ ਇਰਾਦੇ ਨਾਲ ਉੱਤਮਤਾ ਦੀ ਮਿਸਾਲ ਦਿੰਦੇ ਹਨ।