ਚੰਡੀਗੜ੍ਹ: ਪੰਜਾਬ ਦੇ ਜਵਾਨਾਂ ਲਈ ਫੌਜ ਵਿੱਚ ਭਰਤੀ ਖੁੱਲ੍ਹੀ ਹੈ। ਇਹ ਭਰਤੀ ਪਟਿਆਲਾ ਦੇ ਮਿਲਟਰੀ ਸਟੇਸ਼ਨ ਦੇ ਮੈਦਾਨ 'ਚ 7 ਤੋਂ 26 ਫਰਵਰੀ ਤੱਕ ਹੋਲੇਗੀ। ਫ਼ੌਜ ਭਰਤੀ ਡਾਇਰੈਕਟਰ ਕਰਨਲ ਆਰਆਰ ਚੰਦੇਲ ਨੇ ਦੱਸਿਆ ਕਿ ਕੋਵਿਡ ਕਾਰਨ ਅਗਸਤ 2020 'ਚ ਮੁਲਤਵੀ ਕੀਤੀ ਗਈ ਇਸ ਭਰਤੀ ਰੈਲੀ 'ਚ ਪੰਜ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਫ਼ਤਿਹਗੜ੍ਹ ਸਾਹਿਬ ਦੇ 32 ਹਜ਼ਾਰ ਦੇ ਕਰੀਬ ਨੌਜਵਾਨ ਹਿੱਸਾ ਲੈਣਗੇ।
ਉਨ੍ਹਾਂ ਕਿਹਾ ਕਿ ਫ਼ੌਜ 'ਚ ਭਰਤੀ ਬਿਲਕੁਲ ਮੁਫ਼ਤ ਹੈ ਤੇ ਸਿਰਫ ਮੈਰਿਟ 'ਤੇ ਪਾਰਦਰਸ਼ੀ ਢੰਗ ਨਾਲ ਹੁੰਦੀ ਹੈ। ਇਸ ਲਈ ਇਛੁੱਕ ਨੌਜਵਾਨ ਫ਼ੌਜ 'ਚ ਭਰਤੀ ਲਈ ਕਿਸੇ ਨੂੰ ਵੀ ਕਿਸੇ ਕਿਸਮ ਦੀ ਰਿਸ਼ਵਤ ਆਦਿ ਨਾ ਦੇਣ। ਉਨ੍ਹਾਂ ਪੁਲਿਸ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਰਿਸ਼ਵਤ ਦੀ ਮੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ 'ਚ ਰੱਖ ਕੇ ਕੀਤੀ ਜਾ ਰਹੀ ਇਸ ਭਰਤੀ ਰੈਲੀ 'ਚ ਰਜਿਸਟਰਡ ਨੌਜਵਾਨਾਂ ਨੂੰ ਦੋ ਫਾਰਮ ਭਰ ਕੇ ਦੇਣੇ ਹੋਣਗੇ, ਜੋ ਕੋਵਿਡ ਟੈਸਟ ਸਬੰਧੀ ਤੇ ਮਾਤਾ-ਪਿਤਾ ਦੀ ਮਨਜ਼ੂਰੀ ਨਾਲ ਸਬੰਧਤ ਹਨ ਤੇ ਇਹ ਫਾਰਮ ਫ਼ੌਜ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਿਜ਼ੀਕਲ ਟੈਸਟ ਦੇਣ ਆਉਣ ਵਾਲੇ ਨੌਜਵਾਨਾਂ ਲਈ ਪਟਿਆਲਾ ਬੱਸ ਸਟੈਡ ਤੋਂ ਵਿਸ਼ੇਸ਼ ਬੱਸ ਸੇਵਾ ਵੀ ਚਲਾਈ ਜਾਵੇਗੀ ਤੇ ਰਜਿਸਟਰੇਸ਼ਨ ਦਾ ਸਮਾਂ ਸਵੇਰੇ 6 ਵਜੇ ਦਾ ਹੋਵੇਗਾ।