ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਬਾਅਦ ਕੱਲ੍ਹ ਸਾਰੇ ਐਗਜ਼ਿਟ ਪੋਲਜ਼ ਵਿੱਚ ਫਿਰ ਤੋਂ NDA ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਪੋਲ ਦੇ ਨਤੀਜਿਆਂ ਬਾਅਦ ਬੀਜੇਪੀ ਲੀਡਰ ਅਮਿਤ ਸ਼ਾਹ ਨੇ NDA ਲੀਡਰਾਂ ਨੂੰ ਡਿਨਰ 'ਤੇ ਬੁਲਾਇਆ ਹੈ। ਸੂਤਰਾਂ ਮੁਤਾਬਕ ਡਿਨਰ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਮੌਜੂਦ ਰਹਿਣਗੇ। ਸ਼੍ਰੋਮਣੀ ਅਕਾਲੀ ਦਲ ਵੀ ਐਨਡੀਏ ਦਾ ਹਿੱਸਾ ਹੈ। ਇਸ ਲਈ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਸ਼ਮੂਲੀਅਤ ਕਰਨਗੇ।


ਸੂਤਰਾਂ ਨੇ ਦੱਸਿਆ ਕਿ ਅਮਿਤ ਸ਼ਾਹ ਵੱਲੋਂ ਐਨਡੀਏ ਲੀਡਰਾਂ ਨੂੰ ਡਿਨਰ ਦਾ ਬੁਲਾਵਾ ਸਿਰਫ ਇੱਕ ਬਹਾਨਾ ਹੈ। ਦਰਅਸਲ ਅਮਿਤ ਸ਼ਾਹ ਨੇ ਅੱਗੇ ਦੀ ਰਣਨੀਤੀ 'ਤੇ ਗੱਲ ਕਰਨ ਲਈ ਡਿਨਰ ਰੱਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਅੱਗੇ ਦੀ ਰਣਨੀਤੀ ਘੜੀ ਜਾਏਗੀ।

ਲੋਕ ਸਭਾ ਚੋਣਾਂ ਲਈ 7 ਗੇੜਾਂ ਵਿੱਚ 11 ਅਪਰੈਲ ਤੋਂ ਲੈ ਕੇ 19 ਮਈ ਤਕ ਵੋਟਾਂ ਪਈਆਂ। ਵੋਟਾਂ ਦੀ ਗਿਣਤੀ ਨਾਲ ਹੀ 23 ਮਈ ਨੂੰ ਨਤੀਜਾ ਐਲਾਨ ਦਿੱਤਾ ਜਾਏਗਾ। ਲੋਕ ਸਭਾ ਵਿੱਚ ਕੁੱਲ 542 ਸੀਟਾਂ ਹਨ ਤੇ ਬਹੁਮਤ ਲਈ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ ਘੱਟ ਤੋਂ ਘੱਟ 272 ਸੀਟਾਂ ਲੋੜੀਂਦੀਆਂ ਹਨ।

ਤਾਮਿਲਨਾਡੂ ਦੀ ਇੱਕ ਸੀਟ ਤੋਂ ਚੋਣ ਕਮਿਸ਼ਨ ਨੇ ਚੋਣਾਂ ਰੱਦ ਕਰ ਦਿੱਤੀਆਂ ਸੀ। ਐਗਜ਼ਿਟ ਪੋਲ ਮੁਤਾਬਕ ਬਾਕੀ 542 ਵਿੱਚੋਂ NDA ਦੇ ਖ਼ਾਤੇ 277 ਸੀਟਾਂ, UPA ਦੇ ਖ਼ਾਤੇ 130 ਤੇ ਹੋਰ ਦੇ ਖ਼ਾਤੇ 135 ਸੀਟਾਂ ਜਾਣ ਦਾ ਅਨੁਮਾਨ ਹੈ।