ਸਿਸੋਦੀਆ ਨੇ ਆਪਣੇ ਟਵੀਟ ’ਚ ਲਿਖਿਆ,‘ਭਾਜਪਾਈਓ, ਤੁਸੀਂ ਅੰਦੋਲਨ ਕਰ ਰਹੇ ਕਿਸਾਨਾਂ ਦਾ ਇੰਟਰਨੈੱਟ ਬੰਦ ਕਰ ਦਿੰਦੇ ਹੋ, ਬਿਜਲੀ-ਪਾਣੀ ਬੰਦ ਕਰ ਦਿੰਦੇ ਹੋ, ਆਉਣ ਦਾ ਰਾਹ ਬੰਦ ਕਰ ਦਿੰਦੇ ਹੋ। ਕਿਸਾਨਾਂ ਨੇ ਜੇ ਕਿਸਾਨੀ ਬੰਦ ਕਰ ਦਿੱਤੀ ਜੇ ਇੱਕ ਮੌਸਮ ਲਈ ਵੀ, ਤਾਂ ਤੁਹਾਡੇ ਸਾਹ ਰੁਕ ਜਾਣਗੇ। ਸਮਝਾਓ ਆਪਣੇ ਆਗੂਆਂ ਨੂੰ, ਹੰਕਾਰ ਨਾਲ ਢਿੱਡ ਨਹੀਂ ਭਰਦਾ।’
ਦੱਸ ਦੇਈਏ ਕਿ ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਟ੍ਰੈਕਟਰ ਰੈਲੀ ਕੱਢੀ ਸੀ। ਇਸ ਦੌਰਾਨ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕਈ ਥਾਵਾਂ ਉੱਤੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਦਿੱਲੀ ਪੁਲਿਸ ਮੁਤਾਬਕ ਲਗਪਗ 400 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ।
ਉਸ ਤੋਂ ਬਾਅਦ ਹੀ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਦੇ ਕਈ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ, ਬਿਜਲੀ ਤੇ ਪਾਣੀ ਦੀ ਸਪਲਾਈ ਵੀ ਬੰਦ ਕਰ ਦਿੱਤੀ ਗਈ ਸੀ। ਪਰ ਰਾਤੀਂ 1:30 ਵਜੇ ਇਹ ਸਭ ਬਹਾਲ ਹੋ ਗਿਆ ਸੀ। ਦਿੱਲੀ ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਨੋਟਿਸ ਭੇਜਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉਹ ਸਰਕਾਰੀ ਨੋਟਿਸਾਂ ਤੋਂ ਡਰਨ ਵਾਲੇ ਨਹੀਂ ਹਨ।