ਚੰਡੀਗੜ੍ਹ: ਕੇਂਦਰ ਦੀ ਕੌਮੀ ਜਮਹੂਰੀ ਗਠਜੋੜ ਸਰਕਾਰ ਦੇ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਸਪੱਸ਼ਟ ਤੌਰ 'ਤੇ ਭਾਈਵਾਲਾਂ ਵਿਚਾਲੇ ਮਤਭੇਦ ਉੱਭਰ ਰਹੇ ਹਨ। ਅਕਾਲੀ ਮੰਤਰੀ ਹਰਸਿਮਰਤ ਬਾਦਲ ਨੇ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਐਨਡੀਏ ਦੀ ਸਭ ਤੋਂ ਪੁਰਾਣੀ ਸਹਿਯੋਗੀ ਪਾਰਟੀ ਹੈ। ਇਸ ਤੋਂ ਬਾਅਦ ਐਨਡੀਏ ਦੀ ਇੱਕ ਹੋਰ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) 'ਤੇ ਸਾਥ ਛੱਡਣ ਲਈ ਦਬਾਅ ਵਧ ਰਿਹਾ ਹੈ।


ਹਰਿਆਣਾ ਵਿੱਚ ਭਾਜਪਾ ਤੇ ਜੇਜੇਪੀ ਦੀ ਸਰਕਾਰ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕੀਤਾ, 'ਦੁਸ਼ਯੰਤ ਜੀ ਹਰਸਿਮਰਤ ਬਾਦਲ ਦੀ ਤਰ੍ਹਾਂ ਤੁਹਾਨੂੰ ਘੱਟੋ-ਘੱਟ ਡਿਪਟੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਤੁਸੀਂ ਆਪਣੀ ਕੁਰਸੀ ਨੂੰ ਕਿਸਾਨਾਂ ਨਾਲੋਂ ਜ਼ਿਆਦਾ ਪਿਆਰ ਕਰਦੇ ਹੋ। ਇਸ ਦੇ ਨਾਲ ਹੀ ਕਾਂਗਰਸ ਨੇਤਾ ਤੇ ਰਾਜ ਸਭਾ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਇਸ ਮਾਮਲੇ ਵਿੱਚ ਟਵੀਟ ਕੀਤਾ ਹੈ।


ਦੱਸ ਦਈਏ ਕਿ 10 ਸਤੰਬਰ ਨੂੰ ਕਿਸਾਨ ਇਸ ਬਿੱਲ ਦੇ ਵਿਰੋਧ ਵਿੱਚ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਰੈਲੀ ਵਿੱਚ ਪਹੁੰਚੇ। ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਤੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ। ਬਹੁਤ ਸਾਰੇ ਕਿਸਾਨ ਗੰਭੀਰ ਜ਼ਖਮੀ ਹੋਏ ਜਿਸ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਗਿਆ।

ਹਰਿਆਣਾ ਸਰਕਾਰ ਦੀ ਹਮਾਇਤ ਕਰ ਰਹੇ ਜੇਜੇਪੀ ਵਿਧਾਇਕ ਵੀ ਚਿੰਤਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪਿਪਲੀ ਵਿੱਚ ਕਿਸਾਨਾਂ 'ਤੇ ਹੋਏ ਹਮਲੇ ਨੂੰ ਨਿੰਦਣਯੋਗ ਦੱਸਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਪਹਿਲਾਂ ਕਿਸਾਨਾਂ ਨੂੰ ਰੋਕਿਆ ਗਿਆ ਤੇ ਬਾਅਦ ਵਿੱਚ ਇਜਾਜ਼ਤ ਦਿੱਤੀ ਗਈ।

ਜੇਜੇਪੀ ਵਿਧਾਇਕ ਦੇਵੇਂਦਰ ਬਬਲੀ ਨੇ ਪਾਰਟੀ ਵਿੱਚ ਬਦਲਾਅ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ‘ਪਾਰਟੀ ਦੇ 10 ਵਿਧਾਇਕ ਅਸੰਤੁਸ਼ਟ ਹਨ।’ ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਪਾਰਟੀ ਵਿੱਚ ਅਸੰਤੁਸ਼ਟੀ ਜ਼ਾਹਿਰ ਕਰਨ ਵਾਲੀ ਜੇਜੇਪੀ ਦੇ ਵਿਧਾਇਕ ਰਾਮਕੁਮਾਰ ਗੌਤਮ ਤੋਂ ਬਾਅਦ ਬਬਲੀ ਅਜਿਹਾ ਦੂਜਾ ਵਿਧਾਇਕ ਹੈ। ਦੁਸ਼ਯੰਤ ਸੂਬੇ ਦੇ ਉਪ ਮੁੱਖ ਮੰਤਰੀ ਹਨ।

ਰਾਜਨੀਤਕ ਘਾਟੇ ਦੇ ਮੱਦੇਨਜ਼ਰ ਜੇਜੇਪੀ ਨੇ ਲਾਠੀਚਾਰਜ ਲਈ ਕਿਸਾਨਾਂ ਤੋਂ ਮੁਆਫੀ ਮੰਗੀ। ਦੁਸ਼ਯੰਤ ਚੌਟਾਲਾ ਦੇ ਛੋਟੇ ਭਰਾ ਦਿਗਵਿਜੇ ਚੌਟਾਲਾ, ਜੋ JJP ਦੇ ਯੂਥ ਵਿੰਗ INSO ਦੇ ਪ੍ਰਧਾਨ ਹਨ, ਨੇ ਕਿਹਾ, "ਕਿਸਾਨਾਂ 'ਤੇ ਲਾਠੀਚਾਰਜ ਕਰਨ ਲਈ ਜੇਜੇਪੀ ਮੁਆਫੀ ਮੰਗਦੀ ਹੈ। ਜੇਜੇਪੀ ਹਮੇਸ਼ਾਂ ਹੀ ਕਿਸਾਨਾਂ ਦੇ ਨਾਲ ਹੈ ਤੇ ਪਾਰਟੀ ਦੇ ਹਿੱਤ ਵਿਚ ਕਿਸਾਨਾਂ ਦੇ ਹਿੱਤਾਂ ਦੀ ਗੱਲ ਕੀਤੀ ਜਾਂਦੀ ਹੈ। ਕਿਸਾਨਾਂ 'ਤੇ ਲਾਠੀਚਾਰਜ ਦੀ ਵੀਡੀਓ ਦੇਖਣ ਤੋਂ ਬਾਅਦ, ਅਸੀਂ ਪਹਿਲਾਂ ਇਸ ਦੀ ਨਿੰਦਾ ਕੀਤੀ ਕਿਉਂਕਿ ਇਹ ਗਲਤ ਸੀ।"

ਦੱਸ ਦਈਏ ਕਿ ਦੁਸ਼ਯੰਤ ਚੌਟਾਲਾ ਨੇ ਅਜੇ ਤੱਕ ਕਿਸਾਨ ਬਿੱਲ ਦਾ ਵਿਰੋਧ ਨਹੀਂ ਕੀਤਾ। ਇਹ ਬਿੱਲ ਵੀਰਵਾਰ ਨੂੰ ਲੋਕ ਸਭਾ ਵਿੱਚ ਪਾਸ ਹੋ ਗਿਆ ਹੈ। ਹਾਲਾਂਕਿ, ਇਹ ਪਹਿਲੀ ਵਾਰ ਹੈ ਜਦੋਂ ਪਾਰਟੀ ਬੈਕਫੁੱਟ 'ਤੇ ਦਿਖਾਈ ਦੇ ਰਹੀ ਹੈ।

ਬਾਦਲਾਂ ਦੇ ਘਰ ਸੰਨਾਟਾ! ਹਰਸਿਮਰਤ ਦੇ ਅਸਤੀਫੇ ਤੋਂ ਬਾਅਦ ਅਜਿਹਾ ਮਾਹੌਲ

farmer protest: ਬਿੱਲਾਂ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਕਿਸਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਪ੍ਰਕਾਸ਼ ਸਿੰਘ ਬਾਦਲ ਦੇ ਘਰ ਬਾਹਰ ਪ੍ਰਦਰਸ਼ਨ ਜਾਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904