ਭੁਪਾਲ: ਕਰਨਾਟਕ ਵਿੱਚ ਕਾਂਗਰਸ ਤੇ ਜੇਡੀਐਸ ਦੀ ਗਠਜੋੜ ਵਾਲੀ ਸਰਕਾਰ ਡਿੱਗਣ ਤੋਂ ਬਾਅਦ ਹੁਣ ਇਸ ਦਾ ਸੇਕ ਮੱਧ ਪ੍ਰਦੇਸ਼ ਵਿੱਚ ਕਮਲਨਾਥ ਸਰਕਾਰ ਤਕ ਪਹੁੰਚ ਗਿਆ ਹੈ। ਅਜਿਹੇ ਵਿੱਚ ਸੂਬੇ ਦੇ ਭਾਜਪਾ ਲੀਡਰ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਸਾਡੇ ਇੱਕ ਨੰਬਰ ਜਾਂ ਦੋ ਨੰਬਰ ਨੇ ਹੁਕਮ ਦਿੱਤਾ ਤਾਂ ਤੁਹਾਡੀ (ਕਮਲਨਾਥ) ਸਰਕਾਰ 24 ਘੰਟੇ ਨਹੀਂ ਚੱਲੇਗੀ।


ਇਸ 'ਤੇ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਉੱਪਰ ਵਾਲੇ ਨੰਬਰ 1 ਤੇ 2 ਸਮਝਦਾਰ ਹਨ, ਇਸੇ ਲਈ ਹੁਕਮ ਨਹੀਂ ਦੇ ਰਹੇ। ਉਨ੍ਹਾਂ ਭਾਜਪਾ ਨੇਤਾ ਨੂੰ ਬੇਭਰੋਸਗੀ ਮਤਾ ਲਿਆਉਣ ਦੀ ਵੀ ਚੁਨੌਤੀ ਦਿੱਤੀ। ਜ਼ਿਕਰਯੋਗ ਹੈ ਕਿ ਕਰਨਾਟਕ ਵਿੱਚ ਕਾਂਗਰਸ-ਜੇਡੀਐਸ ਗਠਜੋੜ ਦੀ ਸਰਕਾਰ ਦੇ ਪਤਨ ਮਗਰੋਂ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕਮਲਨਾਥ ਅਤੇ ਵਿਰੋਧੀ ਧਿਰ ਦੇ ਨੇਤਾ ਗੋਪਾਲ ਭਾਰਗਵ ਦਰਮਿਆਨ ਖਹਿਬਾਜ਼ੀ ਦੇਖਣ ਨੂੰ ਮਿਲੀ ਸੀ।

ਕਮਲਨਾਥ ਨੇ ਵਿਧਾਨ ਸਭਾ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਪੰਜ ਸਾਲ ਦਾ ਕਾਰਜਕਾਲ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਕਾਂਗਰਸ ਵਿਕਾਊ ਨਹੀਂ ਹੈ। ਇਸ ਦੌਰਾਨ ਭਾਗਰਵ ਨੇ ਉੱਠ ਕੇ ਦਾਅਵਾ ਕੀਤਾ ਕਿ ਜੇਕਰ ਸਾਡੇ ਇੱਕ ਨੰਬਰ ਜਾਂ ਦੋ ਨੰਬਰ ਵੱਲੋਂ ਹੁਕਮ ਆਉਂਦਾ ਹੈ ਤਾਂ ਇਹ ਸਰਕਾਰ ਇੱਕ ਦਿਨ ਵੀ ਨਹੀਂ ਚੱਲੇਗੀ।