ਚੰਡੀਗੜ੍ਹ: ਮੌਸਮ ਵਿਭਾਗ ਨੇ ਐਲਰਟ ਜਾਰੀ ਕੀਤਾ ਹੈ ਕਿ ਅਗਲੇ 48 ਘੰਟਿਆਂ ਦੌਰਾਨ ਪੰਜਾਬ ਤੇ ਹਰਿਆਣਾ ਵਿੱਚ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਤੋਂ ਚੇਤਾਵਨੀ ਪਾ ਕੇ ਸਰਕਾਰ ਨੇ ਵੀ ਸਾਰੇ ਜ਼ਿਲ੍ਹਿਆਂ ਨੂੰ ਚੌਕਸ ਰਹਿਣ ਦੇ ਹੁਕਮ ਦੇ ਦਿੱਤੇ ਹਨ।


ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਦੱਸਿਆ ਹੈ ਕਿ ਪੰਜਾਬ, ਹਰਿਆਣਾ ਅਤੇ ਦਿੱਲੀ ਐਨਸੀਆਰ ਇਲਾਕਿਆਂ ਵਿੱਚ ਭਾਰੀ ਬਰਸਾਤ ਹੋਵੇਗੀ। ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਸੰਗਰੂਰ ਤੇ ਪਟਿਆਲਾ ਵਿੱਚ ਅਗਲੇ 48 ਘੰਟੇ ਭਾਰੀ ਬਾਰਸ਼ ਦੀ ਸੰਭਾਵਨਾ ਹੈ।

ਬੀਤੇ ਹਫ਼ਤੇ ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ਵਿੱਚ ਕਹਿਰ ਢਾਹੁਣ ਵਾਲੇ ਘੱਗਰ ਦਰਿਆ ਬਾਰੇ ਵੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ। ਵਿਭਾਗ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵੀ ਚੜ੍ਹ ਸਕਦਾ ਹੈ।