ਰਜਨੀਸ਼ ਕੌਰ ਦੀ ਰਿਪੋਰਟ
Map Of India: WhatsApp ਨੇ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਭਾਰਤ ਦੇ ਗਲਤ ਨਕਸ਼ੇ ਦੀ ਵਰਤੋਂ ਕਰਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਲਈ ਕੇਂਦਰ ਸਰਕਾਰ ਨੇ WhatsApp ਨੂੰ ਚੇਤਾਵਨੀ ਦਿੱਤੀ ਹੈ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਕੇਂਦਰੀ ਆਈਟੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ WhatsApp ਨੂੰ ਅਲਟੀਮੇਟਮ ਦਿੱਤਾ ਹੈ। ਕੇਂਦਰੀ IT ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸ਼ਨੀਵਾਰ (31 ਦਸੰਬਰ) ਨੂੰ WhatsApp ਨੂੰ ਨਵੇਂ ਸਾਲ ਦੇ ਜਸ਼ਨ ਦੇ ਲਾਈਵ-ਸਟ੍ਰੀਮਿੰਗ ਲਿੰਕ 'ਚ ਭਾਰਤ ਦੇ ਗਲਤ ਨਕਸ਼ੇ ਨੂੰ ਠੀਕ ਕਰਨ ਲਈ ਕਿਹਾ ਸੀ।
ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਭਾਰਤ ਵਿੱਚ ਕਾਰੋਬਾਰ ਕਰਨ ਵਾਲੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸਹੀ ਨਕਸ਼ਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਸ ਤੋਂ ਬਾਅਦ ਕੁਝ ਸਮੇਂ ਬਾਅਦ WhatsApp ਦਾ ਜਵਾਬ ਵੀ ਆਇਆ ਅਤੇ ਉਸ ਨੇ ਮੁਆਫੀ ਮੰਗਦੇ ਹੋਏ ਇਸ ਨੂੰ ਪਲੇਟਫਾਰਮ ਤੋਂ ਹਟਾਉਣ ਦੀ ਜਾਣਕਾਰੀ ਦਿੱਤੀ।
WhatsApp ਨੇ ਮੰਗੀ ਮਾਫੀ
ਜਵਾਬ ਦਿੰਦੇ ਹੋਏ WhatsApp ਨੇ ਲਿਖਿਆ ਕਿ ਸਾਡੀ ਇਸ ਗਲਤੀ ਵੱਲ ਧਿਆਨ ਦੇਣ ਲਈ ਧੰਨਵਾਦ। ਅਸੀਂ ਇਸ ਸਟ੍ਰੀਮਿੰਗ ਨੂੰ ਹਟਾ ਦਿੱਤਾ ਹੈ ਅਤੇ ਗਲਤੀ ਲਈ ਮੁਆਫੀ ਮੰਗਦੇ ਹਾਂ। ਅਸੀਂ ਭਵਿੱਖ ਵਿੱਚ ਇਸ ਦਾ ਧਿਆਨ ਰੱਖਾਂਗੇ। ਦੱਸ ਦੇਈਏ ਕਿ WhatsApp ਨੇ ਲਾਈਵ ਸਟ੍ਰੀਮ ਟਵੀਟ ਵਿੱਚ ਭਾਰਤ ਦਾ ਗਲਤ ਨਕਸ਼ਾ ਦਿਖਾਇਆ ਸੀ। WhatsApp ਦੁਆਰਾ ਸ਼ੇਅਰ ਕੀਤੇ ਗਏ ਗ੍ਰਾਫਿਕਸ ਮੈਪ ਵਿੱਚ ਪੀਓਕੇ ਅਤੇ ਚੀਨ ਦੇ ਦਾਅਵੇ ਦੇ ਕੁਝ ਹਿੱਸੇ ਭਾਰਤ ਤੋਂ ਵੱਖਰੇ ਦਿਖਾਈ ਦਿੱਤੇ ਹਨ।
ਜ਼ੂਮ ਨੂੰ ਵੀ ਦਿੱਤਾ ਗਿਆ ਸੀ ਅਲਟੀਮੇਟਮ
ਜ਼ਿਕਰਯੋਗ ਹੈ ਕਿ ਰਾਜੀਵ ਚੰਦਰਸ਼ੇਖਰ ਨੇ ਕੁਝ ਦਿਨ ਪਹਿਲਾਂ ਵੀਡੀਓ ਕਾਲਿੰਗ ਪਲੇਟਫਾਰਮ ਜ਼ੂਮ ਨੂੰ ਅਲਟੀਮੇਟਮ ਦਿੱਤਾ ਸੀ। ਉਹਨਾਂ ਨੇ ਜ਼ੂਮ ਦੇ ਸੰਸਥਾਪਕ ਅਤੇ ਸੀਈਓ ਐਰਿਕ ਯੂਆਨ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਉਹ ਘੱਟੋ-ਘੱਟ ਉਨ੍ਹਾਂ ਦੇਸ਼ਾਂ ਦੇ ਸਹੀ ਨਕਸ਼ੇ ਦੀ ਵਰਤੋਂ ਕਰੇ ਜਿੱਥੇ ਉਹ ਕਾਰੋਬਾਰ ਕਰ ਰਿਹਾ ਸੀ ਜਾਂ ਜਿੱਥੇ ਉਹ ਭਵਿੱਖ ਵਿੱਚ ਕਾਰੋਬਾਰ ਕਰਨਾ ਚਾਹੁੰਦਾ ਸੀ। ਚੰਦਰਸ਼ੇਖਰ ਦੀ ਚੇਤਾਵਨੀ 'ਤੇ ਜ਼ੂਮ ਦੇ ਸੀਈਓ ਨੇ ਦੇਸ਼ ਦਾ ਗਲਤ ਨਕਸ਼ਾ ਦਿਖਾਉਣ ਵਾਲੇ ਟਵੀਟ ਨੂੰ ਤੁਰੰਤ ਡਿਲੀਟ ਕਰ ਦਿੱਤਾ।