Karnataka Bengaluru News:ਨਵੇਂ ਸਾਲ 2023 ਦਾ ਜਸ਼ਨ ਮਨਾਉਣ ਲਈ ਬੈਂਗਲੁਰੂ ਦੇ ਐਮਜੀ ਰੋਡ 'ਤੇ ਭਾਰੀ ਭੀੜ ਇਕੱਠੀ ਹੋਈ। ਇਸ ਨਾਲ ਟਰੈਫਿਕ ਵਿਵਸਥਾ ਵਿੱਚ ਵਿਘਨ ਪਿਆ। ਜਿਸ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ। ਪੁਲੀਸ ਦੇ ਲਾਠੀਚਾਰਜ ਕਾਰਨ ਭਗਦੜ ਵਾਲੀ ਸਥਿਤੀ ਬਣ ਗਈ। ਲੋਕ ਇਧਰ-ਉਧਰ ਭੱਜਣ ਲੱਗੇ। ਕੁਝ ਦੇਰ ਵਿਚ ਹੀ ਹਜ਼ਾਰਾਂ ਦੀ ਭੀੜ ਖਿੰਡ ਗਈ।
ਬੈਂਗਲੁਰੂ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦਾ ਵੀਡੀਓ ਸਾਹਮਣੇ ਆਇਆ ਹੈ। ਨਿਊਜ਼ ਏਜੰਸੀ ਏਐਨਆਈ ਦੁਆਰਾ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਨੇ ਐਮਜੀ ਰੋਡ 'ਤੇ ਇਕੱਠੀ ਹੋਈ ਭਾਰੀ ਭੀੜ ਨੂੰ ਖਿੰਡਾਇਆ। ਪੁਲਿਸ ਮੁਲਾਜ਼ਮ ਲਾਠੀਚਾਰਜ ਕਰਦੇ ਦੇਖੇ ਜਾ ਸਕਦੇ ਹਨ। ਉਸ ਸਮੇਂ ਉੱਥੇ ਵੱਡੀ ਗਿਣਤੀ ਵਿੱਚ ਆਦਮੀ ਮੌਜੂਦ ਸਨ। ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਘੱਟ ਸੀ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਬੈਂਗਲੁਰੂ ਦੇ ਕੋਰਾਮੰਗਲਾ ਵਿੱਚ ਛੇੜਛਾੜ ਦੀਆਂ ਕੁਝ ਘਟਨਾਵਾਂ ਤੋਂ ਬਾਅਦ ਭੀੜ ਨੂੰ ਕਾਬੂ ਕਰਨ ਲਈ ਲਾਠੀਚਾਰਜ ਕਰਨਾ ਪਿਆ।
ਦੇਰ ਰਾਤ ਤੋਂ ਹੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ
ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਦੋਂ ਲਾਠੀਚਾਰਜ ਕਰਨਾ ਪਿਆ ਜਦੋਂ ਪੱਬ ਦੇ ਬਾਹਰ ਖੜ੍ਹੇ ਲੋਕ ਅੰਦਰ ਡਾਂਸਰਾਂ ਵੱਲ ਵੇਖ ਰਹੇ ਸਨ ਅਤੇ ਸ਼ੀਟੀਆਂ ਵਜਾ ਰਹੇ ਸਨ। ਐਤਵਾਰ ਤੜਕੇ ਤੋਂ ਹੀ ਹਜ਼ਾਰਾਂ ਲੋਕ ਐਮਜੀ ਰੋਡ 'ਤੇ ਇਕੱਠੇ ਹੋਏ ਸਨ ਅਤੇ ਵਧਦੀ ਭੀੜ ਨੇ ਆਖਰਕਾਰ ਆਵਾਜਾਈ ਵਿੱਚ ਵਿਘਨ ਪਾਇਆ। ਭਾਰੀ ਭੀੜ ਨੂੰ ਕਾਬੂ ਤੋਂ ਬਾਹਰ ਹੁੰਦਾ ਦੇਖ ਪੁਲਿਸ ਨੇ ਲਾਠੀਚਾਰਜ ਕੀਤਾ। ਉਂਜ ਉਨ੍ਹਾਂ ਕਿਹਾ ਕਿ ਕੋਰਮੰਗਲਾ ਵਿੱਚ ਹੋਈ ਛੇੜਛਾੜ ਸਬੰਧੀ ਲਿਖਤੀ ਸ਼ਿਕਾਇਤ ਪੁਲੀਸ ਕੋਲ ਨਹੀਂ ਆਈ ਹੈ।
ਇਸ ਤੋਂ ਪਹਿਲਾਂ, 2022 ਦੇ ਅੰਤ ਤੋਂ ਪਹਿਲਾਂ, ਕਰਨਾਟਕ ਸਰਕਾਰ ਨੇ ਕੋਵਿਡ ਨਿਯਮਾਂ ਬਾਰੇ ਦੱਸਿਆ ਸੀ। ਫਿਰ ਕਿਹਾ ਗਿਆ ਕਿ ਨਵੇਂ ਸਾਲ ਦੇ ਜਸ਼ਨ ਲਈ ਭਾਰੀ ਭੀੜ ਇਕੱਠੀ ਕਰਨ ਤੋਂ ਗੁਰੇਜ਼ ਕਰਨਾ ਪਵੇਗਾ। ਸਰਕਾਰ ਨੇ ਸਿਨੇਮਾ ਹਾਲਾਂ ਵਰਗੀਆਂ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣ ਲਈ ਵੀ ਕਿਹਾ ਸੀ। ਹਾਲਾਂਕਿ ਇਸ ਦੇ ਬਾਵਜੂਦ ਬੇਂਗਲੁਰੂ ਦੇ ਕਈ ਇਲਾਕਿਆਂ 'ਚ ਇਕੱਠੇ ਹੋਏ ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਬੜੇ ਉਤਸ਼ਾਹ ਨਾਲ ਮਨਾਇਆ। ਅਜਿਹੀ ਸਥਿਤੀ ਨਾਲ ਨਜਿੱਠਣ ਲਈ ਐਮਜੀ ਰੋਡ, ਬ੍ਰਿਗੇਡ ਰੋਡ ਅਤੇ ਚਰਚ ਸਟਰੀਟ ’ਤੇ ਵੀ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕੀਤੀ ਗਈ ਸੀ।