ਕਰਨਾਲ: ਦੇਸ਼ ਵਿੱਚ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਹੁਣ ਮਸਲੇ 'ਤੇ ਸਿਆਸਤ ਵੀ ਗਰਮ ਹੋਣ ਲੱਗੀ ਹੈ। ਮਹਾਰਾਸ਼ਟਰ ਵਿੱਚ ਕਾਂਗਰਸ ਪ੍ਰਧਾਨ ਵੱਲੋਂ ਬਾਲੀਵੁੱਡ ਅਦਾਕਾਰਾਂ 'ਤੇ ਦਿੱਤੇ ਤਿੱਖੇ ਬਿਆਨਾਂ ਦਾ ਅਸਰ ਹੁਣ ਦੇਸ਼ ਭਰ ਵਿੱਚ ਹੋਣ ਲੱਗਾ ਹੈ। ਕਾਂਗਰਸ ਪ੍ਰਧਾਨ ਨਾਨਾ ਪਟੋਲੇ ਨੇ ਮਹਿੰਗਾਈ 'ਤੇ ਸ਼ਾਂਤ ਰਹਿਣ ਕਰਕੇ ਅਮਿਤਾਭ ਬਚਨ ਤੇ ਅਕਸ਼ੈ ਕੁਮਾਰ ਦੀਆਂ ਫਿਲਮਾਂ ਰੋਕਣ ਦੀ ਧਮਕੀ ਦਿੱਤੀ ਹੈ।



ਹੁਣ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਾਂਗਰਸੀ ਨੇਤਾਵਾਂ ਸਣੇ ਸੋਨੀਆ ਗਾਂਧੀ ਨੂੰ ਘੇਰਿਆ ਹੈ। ਅਨਿਲ ਵਿੱਜ ਨੇ ਕਾਂਗਰਸ ਤੇ ਹੱਲਾ ਬੋਲਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿੱਚ ਅਸਫ਼ਲ ਹੋਣ ਵਾਲੀ ਕਾਂਗਰਸ ਹੁਣ ਫਿਲਮ ਅਦਾਕਾਰਾਂ ਨੂੰ ਧਮਕਾ ਰਹੀ ਹੈ। ਉਨ੍ਹਾਂ ਸੋਨੀਆ ਗਾਂਧੀ ਨੂੰ ਕਿਹਾ ਕਿ ਉਨ੍ਹਾਂ ਨੂੰ ਅਕਸ਼ੇ ਕੁਮਾਰ ਤੇ ਅਮਿਤਾਭ ਬੱਚਨ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਤੇ ਨਾਨਾ ਪਟੋਲੇ ਖਿਲ਼ਾਫ ਕਾਰਵਾਈ ਕਰਨੀ ਚਾਹੀਦੀ ਹੈ।

ਦੱਸ ਦੇਈਏ ਕਿ ਨਾਨਾ ਪਟੋਲੇ ਨੇ ਬਿਆਨ ਦਿੱਤਾ ਸੀ ਕਿ ਅਕਸ਼ੇ ਕੁਮਾਰ ਤੇ ਅਮਿਤਾਭ ਬੱਚਨ ਤੇਲ ਦੀਆਂ ਵਧਦੀਆਂ ਕੀਮਤਾਂ ਬਾਰੇ ਕੁਝ ਨਹੀਂ ਬੋਲ ਰਹੇ। ਇਸ ਲਈ ਉਨ੍ਹਾਂ ਨੂੰ ਮਹਾਰਾਸ਼ਟਰ ਵਿੱਚ ਫ਼ਿਲਮਾਂ ਦੀ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਤੇ ਨਾ ਹੀ ਫ਼ਿਲਮਾਂ ਰਿਲੀਜ਼ ਹੋਣ ਦਿੱਤੀਆਂ ਜਾਣਗੀਆਂ।