ਮੁੰਬਈ: ਕੋਰੋਨਾ ਦੀ ਲਾਗ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਮਹਾਰਾਸ਼ਟਰ ਦੇ ਦੋ ਜ਼ਿਲ੍ਹਿਆਂ ’ਚ ਲੌਕਡਾਊਨ ਲਾ ਦਿੱਤਾ ਗਿਆ ਹੈ। ਯਵਤਮਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਰਵਾਰ ਰਾਤੀਂ 10 ਦਿਨਾਂ ਲੌਕਡਾਊਨ ਦਾ ਹੁਕਮ ਦਿੱਤਾ ਹੈ; ਜਦਕਿ ਅਮਰਾਵਤੀ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ ਹਫ਼ਤੇ ਦੇ ਅੰਤ ’ਚ ਲੌਕਡਾਊਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇੱਥੇ ਲੌਕਡਾਊਨ ਸਨਿੱਚਰਵਾਰ ਨੂੰ ਰਾਤੀਂ ਅੱਠ ਵਜੇ ਤੋਂ ਸੋਮਵਾਰ ਸਵੇਰੇ 7 ਵਜੇ ਤੱਕ ਰਹੇਗਾ। ਇਸ ਦੌਰਾਨ ਬਾਜ਼ਾਰ ਤੇ ਹੋਰ ਅਦਾਰੇ ਵੀ ਬੰਦ ਰਹਿਣਗੇ। ਮੁੰਬਈ ਲਈ ਵੀ ਨਵੀਂ ਹਦਾਇਤ ਜਾਰੀ ਕੀਤੀ ਗਈ ਹੈ।
ਯਵਤਮਾਲ ਦੇ ਜ਼ਿਲ੍ਹਾ ਅਧਿਕਾਰੀ ਐਮਡੀ ਸਿੰਘ ਨੇ ਕਿਹਾ ਕਿ ਜ਼ਿਲ੍ਹੇ ’ਚ ਸਕੂਲ, ਕਾਲਜ, ਕੋਚਿੰਗ ਕਲਾਸਾਂ ਬੰਦ ਰਹਿਣਗੀਆਂ ਤੇ ਕਿਸੇ ਵੀ ਧਾਰਮਿਕ ਸਮਾਰੋਹ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਵਿਆਹਾਂ ’ਚ ਸਿਰਫ਼ 50 ਵਿਅਕਤੀਆਂ ਨੂੰ ਇਜਾਜ਼ਤ ਦਿੱਤੀ ਜਾਵੇਗੀ। ਇੱਥੋਂ ਦੇ ਜ਼ਿਲ੍ਹਾ ਅਧਿਕਾਰੀ ਸ਼ੇਲੇਸ਼ ਨਵਲ ਨੇ ਕਿਹਾ ਕਿ ਹਫ਼ਤੇ ਦੇ ਬਾਕੀ ਦਿਨ ਹੋਟਲ ਤੇ ਰੈਸਟੋਰੈਂਟ ਸਮੇਤ ਸਾਰੇ ਵਪਾਰਕ ਤੇ ਹੋਰ ਅਦਾਰੇ ਰਾਤੀਂ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਪਹਿਲਾਂ ਇਹ ਰਾਤੀਂ 10 ਵਜੇ ਤੱਕ ਖੁੱਲ੍ਹੇ ਰਹਿਣਗੇ। ਸਵਿਮਿੰਗ ਪੂਲ ਤੇ ਇਨਡੋਰ ਗੇਮ ਵੀ ਬੰਦ ਰਹਿਣਗੀਆਂ। ਧਾਰਮਿਕ ਸਮਾਰੋਹਾਂ ’ਚ ਸਿਰਫ਼ ਪੰਜ ਜਣਿਆਂ ਨੂੰ ਇਜਾਜ਼ਤ ਹੋਵੇਗੀ।
ਮੁੰਬਈ ’ਚ ਸਾਰੇ ਮੈਰਿਜ ਪੈਲੇਸ, ਰੈਸਟੋਰੈਂਟ, ਪਬਜ਼, ਕਲੱਬਜ਼ ਆਦਿ ਥਾਵਾਂ ਉੱਤੇ ਬੀਐਮਸੀ ਦੀ ਨਜ਼ਰ ਹੈ। ਇਨ੍ਹਾਂ ਸਾਰੇ ਜਨਤਕ ਸਥਾਨਾਂ ਉੱਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਦੀ ਸ਼ੁਰੂਆਤ ਬੀਐਮਸੀ ਨੇ ਵੀਰਵਾਰ ਤੋਂ ਹੀ ਕਰ ਦਿੱਤੀ ਹੈ, ਜਿਸ ਲਈ ਵੱਡੀ ਗਿਣਤੀ ’ਚ ਟੀਮ ਬਣਾਈ ਗਈ ਹੈ। ਕੋਵਿਡ ਮਾਮਲਿਆਂ ’ਚ ਤੇਜ਼ੀ ਨੂੰ ਵੇਖਦਿਆਂ ਜਨਤਕ ਸਥਾਨਾਂ, ਸਮਾਰੋਹਾਂ, ਵਿਆਹ ਸਮਾਰੋਹਾਂ ਉੱਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ ਹੋਵੇਗਾ। ਪੰਜ ਤੋਂ ਵੱਧ ਮਰੀਜ਼ਾਂ ਵਾਲੀਆਂ ਇਮਾਰਤਾਂ ਉੱਤੇ ਪਾਬੰਦੀ ਰਹੇਗੀ।