ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ‘ਚ ਤਣਾਅ ਸਿਖਰਾਂ 'ਤੇ ਪਹੁੰਚਦਾ ਵੇਖ ਭਾਰਤੀ ਜਲ ਸੈਨਾ ਨੇ ਉੱਤਰੀ ਅਰਬ ਸਾਗਰ ‘ਚ ਜੰਗੀ ਬੇੜੇ ਤਾਇਨਾਤ ਕਰ ਦਿੱਤੇ ਸਨ। ਜਲ ਸੈਨਾ ਅਧਿਕਾਰੀਆਂ ਨੇ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਆਈਐਨਐਸ ਵਿਕ੍ਰਮਾਦਿੱਤਿਆ, ਪਰਮਾਣੂ ਪਣਡੁੱਬੀ ਚੱਕਰ, 60 ਜਲ ਜਹਾਜ਼ ਅਤੇ ਕਰੀਬ 80 ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਸਨ।


ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲ ਸੇਨਾ ਪਹਿਲਾਂ ਤੋਂ ਹੀ ਅਭਿਆਸ ਕਰ ਰਹੀ ਸੀ। ਪਰ 14 ਫਰਵਰੀ ਤੋਂ ਪੁਲਵਾਮਾ ਹਮਲੇ ਤੋਂ ਬਾਅਦ ਬੇੜਿਆਂ ਨੂੰ ਅਭਿਆਸ ਦੇ ਬਦਲੇ ਕਾਰਵਾਈ ਦੇ ਲਈ ਤਾਇਨਾਤ ਕੀਤਾ ਗਿਆ। ਇਸ ਦੌਰਾਨ ਕਰੀਬ 60 ਜਲ ਬੇੜਿਆਂ ਨਾਲ ਭਾਰਤੀ ਤੱਟ ਰੱਖਿਅਕ ਬਲ ਦੇ 12 ਬੇੜੇ ਅਤੇ 80 ਲੜਾਕੂ ਜਹਾਜ਼ ਵੀ ਤਾਇਨਾਤ ਕੀਤੇ ਗਏ।

ਨੇਵੀ ਦੇ ਬੁਲਾਰੇ ਕੈਪਟਨ ਡੀ ਕੇ ਸ਼ਰਮਾ ਨੇ ਕਿਹਾ ਕਿ ਜਲ ਸੈਨਾ ‘ਟ੍ਰਾਪੇਕਸ’ ਅਭਿਆਸ ‘ਚ ਲੱਗੀ ਸੀ। ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਸੋਮਵਾਰ ਨੂੰ ਕੋਚੀ ਬੇਸ ‘ਚ ਟ੍ਰਾਪੇਕਸ ਦੇ ਨਤੀਜਿਆਂ ਦੀ ਪੜਚੋਲ ਕਰਨਗੇ। ਇਸ ਦਾ ਮਕਸਦ ਅਭਿਆਸ ਸੰਚਾਲਨ ਦੀ ਜਾਂਚ ਕਰਨਾ ਤੇ ਭਾਰਤੀ ਜਲ ਸੈਨਾ ਦੀ ਤਿਆਰੀਆਂ ਦਾ ਜਾਇਜ਼ਾ ਲੈਣਾ ਹੈ।