ਪਣਜੀ: ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ (63) ਨੇ ਐਤਵਾਰ ਨੂੰ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਸ਼ਾਮ ਨੂੰ ਮੀਰਾਮਰ ਵਿਖੇ ਧਾਰਮਿਕ ਰਹੁ-ਰੀਤਾਂ ਨਾਲ ਕੀਤਾ ਜਾਵੇਗਾ। ਭਾਵੇਂ ਸਰਕਾਰ ਨੇ 7 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ, ਪਰ ਫਿਰ ਵੀ ਨਵੇਂ ਮੁੱਖ ਮੰਤਰੀ ਦੀ ਭਾਲ ਲਈ ਕਵਾਇਦ ਤੇਜ਼ ਹੋ ਗਈ ਹੈ ਅਤੇ ਵਿਰੋਧੀ ਖੇਮੇ ਵਿੱਚ ਵੀ ਸਰਕਾਰ ਬਣਾਉਣ ਲਈ ਕਾਹਲੀ ਦਿੱਸ ਰਹੀ ਹੈ।

ਭਾਰਤੀ ਜਨਤਾ ਪਾਰਟੀ ਨੇ ਗੋਆ ਫਾਰਵਰਡ ਪਾਰਟੀ, ਐਮਜੀਪੀ ਤੇ ਆਜ਼ਾਦ ਵਿਧਾਇਕਾਂ ਨਾਲ ਰਲ ਕੇ ਸਰਕਾਰ ਕਾਇਮ ਕੀਤੀ ਸੀ। ਹਾਲਾਂਕਿ, ਪਰੀਕਰ ਦੇ ਬਿਮਾਰ ਹੋਣ ਵੇਲੇ ਹੀ ਕਾਂਗਰਸ ਸਰਕਾਰ ਬਣਾਉਣ ਲਈ ਦਾਅਵੇ ਪੇਸ਼ ਕਰ ਚੁੱਕੀ ਹੈ ਅਤੇ ਪਿਛਲੇ 48 ਘੰਟਿਆਂ ਵਿੱਚ ਉਨ੍ਹਾਂ ਦੂਜੀ ਵਾਰ ਆਪਣੀ ਦਾਅਵੇਦਾਰੀ ਜਤਾਈ ਹੈ। ਸੱਤਾਧਾਰੀ ਗੱਠਜੋੜ ਨੂੰ ਆਪਣਾ ਨਵਾਂ ਆਗੂ ਚੁਣਨ ਮਗਰੋਂ ਨਵੇਂ ਸਿਰੇ ਤੋਂ ਰਾਜਪਾਲ ਕੋਲ ਦਾਅਵਾ ਪੇਸ਼ ਕਰਨਾ ਹੋਵੇਗਾ। ਜੇਕਰ ਰਾਜਪਾਲ ਮ੍ਰਿਦੁਲਾ ਸਿਨਹਾ ਇਸ ਤੋਂ ਸੰਤੁਸ਼ਟ ਨਾ ਹੋਏ ਤਾਂ ਉਹ ਸਭ ਤੋਂ ਵੱਡੀ ਪਾਰਟੀ, ਕਾਂਗਰਸ ਨੂੰ ਸਰਕਾਰ ਬਣਾਉਣ ਲਈ ਸੱਦਾ ਦੇ ਸਕਦੇ ਹਨ।


ਜ਼ਿਕਰਯੋਗ ਹੈ ਕਿ ਗੋਆ ਵਿਧਾਨ ਸਭਾ ਦੀਆਂ 40 ਸੀਟਾਂ ਹਨ, ਜਿਨ੍ਹਾਂ ਵਿੱਚੋਂ ਚਾਰ ਖਾਲੀ ਹਨ ਅਤੇ ਬਾਕੀ 36 ਸੀਟਾਂ ਦੇ ਹਿਸਾਬ ਨਾਲ ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ 19 ਹੈ। ਹਾਲਾਂਕਿ, ਕਾਂਗਰਸ ਦੇ 14 ਵਿਧਾਇਕ ਹਨ ਅਤੇ ਉਹ ਸਭ ਤੋਂ ਵੱਡੀ ਪਾਰਟੀ ਹੈ, ਪਰ ਭਾਜਪਾ ਨੇ ਆਪਣੇ 12 ਵਿਧਾਇਕਾਂ ਸਮੇਤ ਕੁੱਲ 20 ਐਮਐਲਏਜ਼ ਨਾਲ ਬਹੁਮਤ ਸਾਬਤ ਕਰ ਸਰਕਾਰ ਕਾਇਮ ਕੀਤੀ ਹੋਈ ਹੈ। ਅਜਿਹੇ ਵਿੱਚ ਕਾਂਗਰਸ ਆਪਣੀ ਸਰਕਾਰ ਬਣਾਉਣ ਲਈ ਦਾਅਵੇਦਾਰੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਭਾਜਪਾ ਸੂਬੇ ਨੂੰ ਆਪਣੇ ਕਬਜ਼ੇ ਵਿੱਚ ਰੱਖਣ ਲਈ ਜ਼ੋਰ ਲਾ ਰਹੀ ਹੈ। ਬੇਸ਼ੱਕ ਗੋਆ ਵਿੱਚ ਲੋਕ ਸਭਾ ਦੀਆਂ ਦੋ ਹੀ ਸੀਟਾਂ ਆਉਂਦੀਆਂ ਹਨ ਪਰ ਚੋਣਾਂ ਦੇ ਲਿਹਾਜ਼ ਨਾਲ ਸਰਕਾਰ ਦਾ ਗਠਨ ਦੋਵਾਂ ਪਾਰਟੀਆਂ ਲਈ ਅਹਿਮ ਹੈ।

ਸਾਬਕਾ ਰੱਖਿਆ ਮੰਤਰੀ ਦੀ ਮੌਤ ਨਾਲ ਹੁਣ ਰਾਜ ਵਿੱਚ ਪਣਜੀ ਅਸੈਂਬਲੀ ਸੀਟ ’ਤੇ ਵੀ ਜ਼ਿਮਨੀ ਚੋਣ ਕਰਵਾਏ ਜਾਣ ਦੀ ਲੋੜ ਪਏਗੀ। ਸ਼ਿਰੋਦਾ, ਮਾਂਦਰਮ ਤੇ ਮਾਪੁਸਾ ਅਸੈਂਬਲੀ ਸੀਟਾਂ ’ਤੇ 23 ਅਪਰੈਲ ਨੂੰ ਲੋਕ ਸਭਾ ਚੋਣਾਂ ਦੇ ਨਾਲ ਹੀ ਵੋਟਿੰਗ ਹੋਣੀ ਹੈ।