Manjinder Sirsa: ਪੰਜਾਬ ਵਿੱਚ ਨਸ਼ੇ ਦੀ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਰਾ ਦੀ ਚੰਗੀ ਕਿਰਕਿਰੀ ਹੋਈ ਹੈ ਜਿਸ ਤੋਂ ਬਾਅਦ ਭਾਜਪਾ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰਕੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ।
ਸਿਰਸਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜਸਟਿਸ ਨੇ ਪੰਜਾਬ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਹੈ ਕਿ ਪੰਜਾਬ ਦੇ ਘਰ-ਘਰ ਵਿੱਚ ਸ਼ਰਾਬ ਦੀ ਭੱਠੀ ਲੱਗ ਰਹੀ ਹੈ, ਵੱਡੀ ਮਾਤਰਾ ਵਿੱਚ ਨਸ਼ਾ ਪੰਜਾਬ ਵਿੱਚ ਸਪਲਾਈ ਹੋ ਰਿਹਾ ਹੈ ਜਿਸ ਨਾਲ ਜਵਾਨੀ ਬਰਾਬਦ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਉੱਤੇ ਕੋਈ ਕਾਰਵਾਈ ਕਰਨ ਦੀ ਬਜਾਏ ਮਹਿਜ ਐਫਆਈਆਰ ਦਰਜ ਕਰਕੇ ਛੱਡ ਦਿੰਦੀ ਹੈ।
ਇਸ ਮੌਕੇ ਸਿਰਸਾ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਕਿਹਾ ਹੈ ਕਿ ਸੁਪਰੀਮ ਕੋਰਟ ਦੀ ਟਿੱਪਣੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਲੰਬੇ ਸਮੇਂ ਤੋਂ ਅਖਬਾਰਾਂ ਤੇ ਟੀਵੀ ਉੱਤੇ ਕਰੋੜਾਂ ਰੁਪਏ ਪ੍ਰਚਾਰ ਕਰਨ ਵਿੱਚ ਖ਼ਰਚ ਕਰ ਰਹੇ ਹਨ ਪਰ ਜ਼ਮੀਨੀ ਪੱਧਰ ਉੱਤੇ ਕੋਈ ਵੀ ਕੰਮ ਨਹੀਂ ਹੋ ਰਿਹਾ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਸੀਐਮ ਭਗਵੰਤ ਮਾਨ ਨੂੰ ਕਿਹਾ ਕਿ ਉਹ ਹੁਣ ਤੱਕ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਅਖਬਾਰਾਂ, ਟੀਵੀ ਸਮੇਤ ਪੰਜਾਬ ਦੇ 500 ਕਰੋੜ ਰੁਪਏ ਬਰਬਾਦ ਕਰ ਚੁੱਕੇ ਹਨ। ਜਦੋਂ ਪੰਜਾਬ ਨਸ਼ਿਆਂ ਵੱਲ ਵਧ ਰਿਹਾ ਹੈ, ਸੁਪਰੀਮ ਕੋਰਟ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ, ਝਾੜ-ਝੰਬ ਕੀਤੀ ਜਾ ਰਹੀ ਹੈ। ਪਰ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਜੋ ਕੁਝ ਵਾਪਰਿਆ ਉਹ ਪੂਰੇ ਪੰਜਾਬ ਲਈ ਬਹੁਤ ਸ਼ਰਮਨਾਕ ਗੱਲ ਹੈ।