ਆਗਰਾ: ਕਿਸੇ ਦੂਜੇ ਮਰਦ ਨਾਲ ਵ੍ਹੱਟਸਐਪ ‘ਤੇ ਗੱਲਾਂ ਕਰਨਾ ਇੱਕ ਔਰਤ ਦੇ ਪਤੀ ਨੂੰ ਪਸੰਦ ਨਹੀਂ ਆਇਆ। ਇਸ ਕਾਰਨ ਉਸ ਨੇ ਆਪਣੀ ਪਤਨੀ ਨੂੰ ਪਹਿਲਾਂ ਮੱਛਰ ਮਾਰਨ ਦੀ ਦਵਾਈ ਦਿੱਤੀ ਅਤੇ ਬਾਅਦ ‘ਚ ਉਸ ਦਾ ਗਲ ਘੁੱਟ ਕੇ ਉਸ ਨੂੰ ਮਾਰ ਦਿੱਤਾ। ਆਪਣੀ ਹੀ ਪਤਨੀ ਦੇ ਕਤਲ ਦੇ ਇਲਜ਼ਾਮ ‘ਚ 26 ਸਾਲਾ ਇਸ ਸਖ਼ਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਖ਼ਬਰਾਂ ਮੁਤਾਬਕ, ਇਹ ਦੋਵੇਂ ਪਿਛਲੇ ਨੌ ਸਾਲ ਤੋਂ ਵਿਆਹੁਤਾ ਜ਼ਿੰਦਗੀ ‘ਚ ਹਨ ਅਤੇ ਇਨ੍ਹਾਂ ਦੇ ਦੋ ਬੱਚੇ ਵੀ ਹਨ ਜਿਨ੍ਹਾਂ ਦੀ ਉਮਰ ਚਾਰ ਅਤੇ ਛੇ ਸਾਲ ਹੈ। ਮਹਿਲਾ ਦੀ ਲਾਸ਼ ਨੂੰ ਉਸ ਦੇ ਘਰ ਕੋਲ ਸੁਦਾਮਪੁਰੀ ਇਲਾਕੇ ‘ਚ ਖਾਲੀ ਪਈ ਜ਼ਮੀਨ ਤੋਂ ਬਰਾਮਦ ਕੀਤਾ ਗਿਆ।

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ  ਮੁਲਜ਼ਮ ਸਬਜ਼ੀ ਵੇਚਦਾ ਹੈ ਅਤੇ ਆਪਣੀ ਪਤਨੀ ਨੂੰ ਫੋਨ ‘ਤੇ ਕਿਸੇ ਹੋਰ ਸਖ਼ਸ਼ ਨਾਲ ਗੱਲ ਕਰਦੇ ਵੇਖ ਬੇਹੱਦ ਗੁੱਸੇ ‘ਚ ਆ ਗਿਆ। ਉਸ ਨੇ ਪਹਿਲਾਂ ਆਪਣੀ ਪਤਨੀ ਨੂੰ ਮੱਛਰ ਮਾਰਨ ਵਾਲਾ ਜ਼ਹਿਰ ਪੀਣ ਨੂੰ ਮਜ਼ਬੂਰ ਕੀਤਾ ਅਤੇ ਫੇਰ ਸ਼ਾਮ ਨੂੰ ਕੱਪੜੇ ਦੇ ਲੰਬੇ ਟੁਕੜੇ ‘ਚ ਉਸ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ।

ਜਿਸ ਸਮੇਂ ਇਹ ਘਟਨਾ ਵਾਪਰੀ ਬੱਚੇ ਸੌਂ ਰਹੇ ਸੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਔਰਤ ਦੇ ਪਿਤਾ ਨੇ ਆਪਣੀ ਧੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਤਲਾਸ਼ੀ ਸ਼ੁਰੂ ਕੀਤੀ ਅਤੇ ਲਾਸ਼ ਨੂੰ ਘਰ ਦੇ ਕੋਲੋਂ ਬਰਾਮਦ ਕੀਤਾ। ਮੁਲਜ਼ਮ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।