ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਜੂਆ ਆਪਣੀ ਪਤਨੀ ਨੂੰ ਜਾਇਦਾਦ ਮੰਨ ਕੇ ਸ਼ਰਾਬੀ ਤੇ ਜੁਆਰੀ ਪਤੀ ਨੇ ਆਪਣੀ ਪਤਨੀ ਨੂੰ ਹੀ ਦਾਅ 'ਤੇ ਲਾ ਦਿੱਤਾ। ਜਦੋਂ ਉਹ ਪਤਨੀ ਨੂੰ ਹਾਰ ਗਿਆ ਤਾਂ ਉਸ ਨੇ ਪਤਨੀ ਨੂੰ ਆਪਣੇ ਦੋਸਤਾਂ ਦੇ ਹਵਾਲੇ ਕਰ ਦਿੱਤਾ, ਜਿਸ ਪਿੱਛੋਂ ਉਸ ਦੇ ਦੋਸਤਾਂ ਨੇ ਪਤਨੀ ਨਾਲ ਗੈਂਪਰੇਪ ਕੀਤਾ।


ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਯੂਪੀ ਪੁਲਿਸ ਨੇ ਵੀ ਪੀੜਤਾ ਦੀ ਕੋਈ ਨਹੀਂ ਸੁਣੀ। ਪੀੜਤਾ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੇ ਬਾਅਦ ਪੀੜਤਾ ਨੇ ਅਦਾਲਤ ਦਾ ਰੁਖ਼ ਕੀਤਾ। ਹੁਣ ਅਦਾਲਤ ਦੇ ਹੁਕਮ ਬਾਅਦ ਜ਼ਿਲ੍ਹੇ ਦੇ ਜ਼ਫਰਾਬਾਦ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।


ਰਿਪੋਰਟਾਂ ਮੁਤਾਬਕ ਮੁਲਜ਼ਮ ਪਤੀ ਦਾ ਦੋਸਤ ਅਰੁਨ ਤੇ ਰਿਸ਼ਤੇਦਾਰ ਅਨਿਲ ਅਕਸਰ ਉਸ ਦੇ ਘਰ ਪੀਣ-ਖਾਣ ਤੇ ਜੂਆ ਖੇਡਣ ਲਈ ਆਉਂਦੇ-ਜਾਂਦੇ ਸੀ। ਪਿਛਲੇ ਮਹੀਨੇ ਇੱਕ ਦਿਨ ਪਤੀ ਨੇ ਉਸ ਨੂੰ ਦਾਅ 'ਤੇ ਲਾ ਦਿੱਤਾ ਤੇ ਅਨਿਲ ਤੇ ਅਰੁਨ ਕੋਲ ਪਤਨੀ ਨੂੰ ਹਾਰ ਗਿਆ। ਇਸ ਪਿੱਛੋਂ ਅਨਿਲ ਤੇ ਅਰੁਨ ਨੇ ਉਸ ਦੀ ਪਤਨੀ ਨਾਲ ਗੈਂਗਰੇਪ ਕੀਤਾ।


ਇਸ ਬਾਰੇ ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਸ਼ਰਾਬੀ ਹੈ ਤੇ ਉਸ ਨੇ ਜੂਏ ਵਿੱਚ ਉਸ ਨੂੰ ਦਾਅ ਵਜੋਂ ਲਾ ਦਿੱਤਾ। ਇਸ ਘਟਨਾ ਬਾਅਦ ਉਹ ਪੇਕੇ ਚਲੀ ਗਈ ਸੀ। ਕੁਝ ਦਿਨਾਂ ਬਾਅਦ ਪਤੀ ਆਇਆ ਤੇ ਗਲਤੀ ਦੀ ਮੁਆਫੀ ਮੰਗੀ। ਉਸ ਨੂੰ ਲੱਗਾ ਕਿ ਸ਼ਾਇਦ ਪਤੀ ਸੁਧਰ ਗਿਆ। ਉਹ ਉਸ ਦੇ ਨਾਲ ਚਲੀ ਗਈ ਪਰ ਉਹ ਫਿਰ ਉਸ ਨੂੰ ਉਸੇ ਦੋਸਤਾਂ ਕੋਲ ਲੈ ਗਿਆ ਜਿੱਥੇ ਉਹ ਦੁਬਾਰਾ ਉਸ ਨੂੰ ਜੂਏ ਵਿੱਚ ਹਾਰ ਗਿਆ।


ਹੁਣ ਇਸ ਵਾਰ ਫਿਰ ਪੀੜਤ ਮਹਿਲਾ ਨਾਲ ਗੈਂਗਰੇਪ ਹੋਇਆ। ਇਸ ਘਟਨਾ ਬਾਅਦ ਪੀੜਤਾ ਸਥਾਨਕ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਉਣ ਗਈ ਤਾਂ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੀੜਤਾ ਅਦਾਲਤ ਪਹੁੰਚੀ ਸੀ।