ਨਵੀਂ ਦਿੱਲੀ: ਭਾਰਤ ਨੇ ਮਾਲਦੀਵ ਦੇ ਸਾਬਕਾ ਉਪ ਰਾਸ਼ਟਰਪਤੀ ਅਹਿਮਦ ਅਦੀਬ ਅਬਦੁਲ ਗਫੂਰ ਦੀ ਸ਼ਰਨ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਸ਼ਨੀਵਾਰ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਸੂਤਰਾਂ ਮੁਤਾਬਕ ਮਾਲਦੀਵ ਸੁਪਰੀਮ ਕੋਰਟ ਨੇ ਅਹਿਮਦ ਅਦੀਬ 'ਤੇ ਯਾਤਰਾ ਦੀ ਪਾਬੰਦੀ ਲਾਈ ਸੀ ਪਰ 27 ਜੁਲਾਈ ਨੂੰ ਉਹ ਇੱਕ ਬੇੜੇ ਵਿੱਚ ਮਾਲਦੀਵ ਛੱਡ ਕੇ ਭੱਜ ਨਿਕਲੇ ਸੀ। ਉਨ੍ਹਾਂ ਨੂੰ ਅਧਿਕਾਰੀਆਂ ਨਾਲ ਉਸੇ ਬੇੜੇ ਵਿੱਚ ਮਾਲਦੀਵ ਵਾਪਸ ਲਿਜਾਇਆ ਗਿਆ ਹੈ।


ਅਹਿਮਦ ਅਦੀਬ ਨੇ 31 ਜੁਲਾਈ ਨੂੰ ਭਾਰਤੀ ਖੇਤਰੀ ਜਲ ਵਿੱਚ ਪ੍ਰਵੇਸ਼ ਕੀਤਾ ਤੇ ਪਹਿਲੀ ਅਗਸਤ ਨੂੰ ਥੁਥੁਕੁਡੀ ਬੰਦਰਗਾਹ 'ਤੇ ਆ ਕੇ ਰੁਕੇ। ਇਸ ਪਿੱਛੋਂ ਉਨ੍ਹਾਂ ਭਾਰਤ ਸਰਕਾਰ ਨੂੰ ਸਿਆਸੀ ਸ਼ਰਨ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਪਟੀਸ਼ਨ ਬਾਅਦ ਖ਼ੁਫਿਆ ਮਾਮਲਿਆਂ ਦੇ ਜਾਣਕਾਰਾਂ ਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਸਾਬਕਾ ਉਪ ਰਾਸ਼ਟਰਪਤੀ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਕੋਲ ਯੋਗ ਟ੍ਰੈਵਲ ਦਸਤਾਵੇਜ਼ ਨਹੀਂ ਸਨ।


ਇਸੇ ਦੌਰਾਨ ਮਾਲਦੀਵ ਪੁਲਿਸ ਸਰਵਿਸ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਗਫੂਰ ਖਿਲਾਫ ਧਨ ਦੇ ਦੁਰਉਪਯੋਗ, ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਲਈ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ 31 ਜੁਲਾਈ ਨੂੰ ਨਿਰਧਾਰਤ ਕੀਤੀ ਗਈ 'ਜਾਂਚ ਇੰਟਰਵਿਊ' ਲਈ ਵੀ ਮੌਜੂਦ ਨਹੀਂ ਰਹੇ। ਮਾਲਦੀਵ ਪੁਲਿਸ ਨੇ ਇਹ ਵੀ ਕਿਹਾ ਕਿ ਉਹ ਗਫੂਰ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਨਾਲ ਕੋਸ਼ਿਸ਼ ਕਰ ਰਹੀ ਹੈ।