ਨਵੀਂ ਦਿੱਲੀ: ਤਾਮਿਲਨਾਡੂ ਦੇ ਵਿਧਾਨਸਭਾ ਚੋਣ ਪ੍ਰਚਾਰ 'ਚ ਸਿਆਸੀ ਪਾਰਟੀਆਂ ਦੇ ਵੱਖ-ਵੱਖ ਰੰਗ ਤੇ ਅੰਦਾਜ਼ ਦੇਖਣ ਨੂੰ ਮਿਲ ਰਹੇ ਹਨ। ਨਾਗਪਟਨਮ ਤੋਂ AIADMK ਉਮੀਦਵਾਰ ਥੰਗਾ ਕਾਤਿਰਵਨ ਨੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਅਨੋਖਾ ਤਰੀਕਾ ਲੱਭਿਆ। ਥੰਗਾ ਕਾਤਿਰਵਵਨ ਨੇ ਨਾ ਸਿਰਫ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਕੱਪੜੇ ਧੋਤੇ ਬਲਕਿ ਚੋਣ ਜਿੱਤਣ 'ਤੇ ਲੋਕਾਂ ਨੂੰ ਵਾਸ਼ਿੰਗ ਮਸ਼ੀਨਾਂ ਦੇਣ ਦਾ ਵੀ ਵਾਅਦਾ ਕੀਤਾ।
ਸੋਸ਼ਲ ਮੀਡੀਆ 'ਤੇ ਕਾਤਿਰਵਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਕਈ ਯੂਜ਼ਰ ਥੰਗਾ ਕਾਤਿਰਵਨ ਦੇ ਤਰੀਕੇ ਦੀ ਤਾਰੀਫ ਕਰ ਰਹੇ ਹਨ ਤੇ ਕਈ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ।
ਚੋਣ ਪ੍ਰਚਾਰ ਲਈ ਹੋਏ ਟਰੋਲ
ਇਕ ਯੂਜ਼ਰ ਨੇ ਟ੍ਰੋਲ ਕਰਦਿਆਂ ਟਵਿਟਰ 'ਤੇ ਲਿਖਿਆ, 'ਗਜ਼ਬ ਦਾ ਪ੍ਰਚਾਰ ਹੋ ਰਿਹਾ ਹੈ। ਇਹ ਉਮੀਦਵਾਰ ਭਾਂਡੇ ਕਦੋਂ ਧੋਣ ਜਾ ਰਹੇ ਹਨ।' ਇਕ ਯੂਜ਼ਰ ਨੇ ਲਿਖਿਆ, 'ਇਹ ਲੋਕ ਸਿਆਸਤਦਾਨ ਹਨ ਜਾਂ ਜੋਕਰ!' ਇਕ ਹੋਰ ਯੂਜ਼ਰ ਨੇ ਲਿਖਿਆ, 'ਵੋਟ ਲਈ ਕੁਝ ਵੀ ਕਰੇਗਾ।' ਇਕ ਯੂਜ਼ਰ ਨੇ ਲਿਖਿਆ, 'ਚੋਣਾਂ ਪਤਾ ਨਹੀਂ ਕੀ-ਕੀ ਕਰਵਾ ਦੇਣ।'
ਥੰਗਾ ਤਾਕਿਰਵਨ ਨੇ ਧੋਤੇ ਕੱਪੜੇ
ਇਕ ਯੂਜ਼ਰ ਨੇ ਲਿਖਿਆ, 'ਮਸ਼ੀਨ ਤਾਂ ਦੇ ਦੇਣਗੇ ਇਹ ਲੋਕ, ਵਾਸ਼ਿੰਗ ਪਾਊਡਰ ਕੌਣ ਦੇਵੇਗਾ।' ਦੂਜੇ ਯੂਜ਼ਰ ਨੇ ਲਿਖਿਆ, 'ਇਲੈਕਟ੍ਰੌਨਿਕਸ ਨੂੰ ਥੋਕ 'ਚ ਆਰਡਰ ਮਿਲਣ ਵਾਲਾ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ ਕਿ 'ਇਹ ਸਭ ਨਾਟਕ ਕਰਨ ਤੋਂ ਚੰਗਾ ਹੈ ਕਿ ਲੋਕਾਂ ਨੂੰ ਰੋਜ਼ਗਾਰ ਮਿਲੇ। ਲੋਕ ਆਪਣੀ ਵਾਸ਼ਿੰਗ ਮਸ਼ੀਨ ਖੁਦ ਖਰੀਦਣ।'
ਇਕ ਗੇੜ 'ਚ ਹੋਵੇਗੀ 234 ਸੀਟਾਂ ਲਈ ਚੋਣ
ਤਾਮਿਲਨਾਡੂ ਦੀਆਂ ਸਾਰੀਆਂ 234 ਸੀਟਾਂ 'ਤੇ ਛੇ ਅਪ੍ਰੈਲ ਨੂੰ ਇਕ ਹੀ ਗੇੜ 'ਚ ਵੋਟਾਂ ਪਾਈਆਂ ਜਾਣਗੀਆਂ ਤੇ ਦੋ ਮਈ ਨੂੰ ਨਤੀਜੇ ਐਲਾਨੇ ਜਾਣਗੇ। ਇਨ੍ਹਾਂ ਚੋਣਾਂ 'ਚ ਬੀਜੇਪੀ ਨੇ ਸੱਤਾਧਿਰ AIADMK ਦੇ ਨਾਲ ਗਠਜੋੜ ਕੀਤਾ ਹੈ ਤੇ ਬੀਜੇਪੀ 20 ਸੀਟਾਂ 'ਤੇ ਚੋਣ ਲੜ ਰਹੀ ਹੈ। AIADMK ਗਠਜੋੜ ਦਾ ਮੁਕਾਬਲਾ ਖਾਸ ਤੌਰ 'ਤੇ ਡੀਐਮਕੇ-ਕਾਂਗਰਸ ਦੇ ਗਠਜੋੜ ਨਾਲ ਹੈ।
2016 ਦੀਆਂ ਵਿਧਾਨ ਸਭਾ ਚੋਣਾਂ 'ਚ AIADMK ਨੇ 135 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਉੱਥੇ ਹੀ ਡੀਐਮਕੇ ਨੂੰ 88 ਤੇ ਕਾਂਗਰਸ ਨੂੰ ਅੱਠ ਸੀਟਾਂ ਮਿਲੀਆਂ ਸਨ। ਬੀਜੇਪੀ ਨੇ 188 ਸੀਟਾਂ 'ਤੇ ਉਮੀਦਵਾਰ ਉਤਾਰੇ ਸਨ ਤੇ ਉਸਦਾ ਖਾਤਾ ਨਹੀਂ ਖੁੱਲਿਆ ਸੀ।