ਨਵੀਂ ਦਿੱਲੀ: ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ ਇੱਕ ਵਾਰ ਫਿਰ ਭੜਕਾਊ ਟਿੱਪਣੀ ਕਰਕੇ ਮੁਸੀਬਤ ਵਿੱਚ ਫਸ ਗਏ ਹਨ। ਵਿਵਾਦਿਤ ਟਿੱਪਣੀ ਨੂੰ ਲੈ ਕੇ ਦਿੱਲੀ ਪੁਲਿਸ ਨੇ ਓਵੈਸੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਦਿੱਲੀ ਪੁਲਿਸ ਦੀ IFSO ਯੂਨਿਟ ਨੇ AIMIM ਮੁਖੀ (ਅਸਦੁਦੀਨ ਓਵੈਸੀ) ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਸ ਐਫਆਈਆਰ ਵਿੱਚ  ਸਵਾਮੀ ਯਤੀ ਨਰਸਿਮਹਾਨੰਦ ਦਾ ਨਾਂ ਵੀ ਸ਼ਾਮਲ ਹੈ। ਦਿੱਲੀ ਪੁਲਿਸ ਨੇ ਪੈਗੰਬਰ ਮੁਹੰਮਦ ਖਿਲਾਫ ਵਿਵਾਦਿਤ ਬਿਆਨ ਦੇਣ ਦੇ ਦੋਸ਼ 'ਚ ਭਾਜਪਾ ਦੇ ਸਾਬਕਾ ਨੇਤਾਵਾਂ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ 'ਤੇ ਵੀ ਕਾਰਵਾਈ ਕੀਤੀ ਹੈ।



ਪੁਲਿਸ ਨੇ ਇੱਕ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਭੜਕਾਊ ਬਿਆਨ ਦੇਣ ਦੇ ਮਾਮਲੇ ਵਿੱਚ ਵੀਰਵਾਰ ਨੂੰ ਕਈ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਦਿੱਲੀ ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਕੁਝ ਲੋਕਾਂ ਖਿਲਾਫ FIR ਦਰਜ ਕੀਤੀ ਹੈ। ਇਹ ਐਫਆਈਆਰ ਉਨ੍ਹਾਂ ਲੋਕਾਂ ਵਿਰੁੱਧ ਦਰਜ ਕੀਤੀ ਗਈ ਹੈ, ਜੋ ਸੋਸ਼ਲ ਮੀਡੀਆ 'ਤੇ ਨਫ਼ਰਤ ਭਰੀ ਸਮੱਗਰੀ ਅਤੇ ਸੰਦੇਸ਼ ਫੈਲਾ ਰਹੇ ਹਨ ਅਤੇ ਵੱਖ-ਵੱਖ ਗਰੁੱਪਾਂ ਨੂੰ ਭੜਕਾ ਰਹੇ ਹਨ ਤੇ ਅਜਿਹੀ ਸਥਿਤੀ ਪੈਦਾ ਕਰ ਰਹੇ ਹਨ, ਜਿਸ ਨਾਲ ਸ਼ਾਂਤੀ ਅਤੇ ਵਿਵਸਥਾ ਨੂੰ ਨੁਕਸਾਨ ਹੋ ਸਕਦਾ ਹੈ।

ਕਈ ਲੋਕਾਂ ਖਿਲਾਫ ਮਾਮਲਾ ਦਰਜ
ਪੁਲਿਸ ਨੇ ਦੱਸਿਆ ਕਿ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨ (IFSO) ਯੂਨਿਟ ਦੁਆਰਾ ਦਰਜ ਐਫਆਈਆਰ ਵਿੱਚ ਨੂਪੁਰ ਸ਼ਰਮਾ, ਨਵੀਨ ਕੁਮਾਰ ਜਿੰਦਲ, ਸ਼ਾਦਾਬ ਚੌਹਾਨ, ਸਬਾ ਨਕਵੀ, ਮੌਲਾਨਾ ਮੁਫਤੀ ਨਦੀਮ, ਅਬਦੁਰ ਰਹਿਮਾਨ, ਗੁਲਜ਼ਾਰ ਅੰਸਾਰੀ, ਅਨਿਲ ਕੁਮਾਰ ਮੀਨਾ ਅਤੇ ਪੂਜਾ ਸ਼ਕੁਨ ਦੇ ਨਾਮ ਸ਼ਾਮਲ ਹਨ। ਈਐਫਐਸਓ ਦੇ ਪੁਲਿਸ ਡਿਪਟੀ ਕਮਿਸ਼ਨਰ ਕੇ ਪੀ ਐਸ ਮਲਹੋਤਰਾ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ ਦੇ ਵਿਸ਼ਲੇਸ਼ਣ ਤੋਂ ਬਾਅਦ ਦੋ ਐਫਆਈਆਰ ਦਰਜ ਕੀਤੀਆਂ ਹਨ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਾਂਤੀ -ਵਿਵਸਥਾ ਨੂੰ ਨੁਕਸਾਨ ਪਹੁੰਚਾ ਕੇ ਕਥਿਤ ਵਿਵਾਦਿਤ ਸਮੱਗਰੀ ਪੋਸਟ ਕਰਨ ਅਤੇ ਸ਼ੇਅਰ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।