Gyanvapi Masjid Survey: ਵਾਰਾਣਸੀ ਦੀ ਗਿਆਨਵਾਪੀ ਮਸਜਿਦ ਸਰਵੇਖਣ ਦੇ ਆਖਰੀ ਦਿਨ ਸੋਮਵਾਰ ਨੂੰ ਹਿੰਦੂ ਪੱਖ ਵੱਲੋਂ 12 ਫੁੱਟ 8 ਇੰਚ ਲੰਬਾ ਸ਼ਿਵਲਿੰਗ ਮਿਲਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਜਿਸ ਜਗ੍ਹਾ 'ਤੇ ਸ਼ਿਵਲਿੰਗ ਮਿਲਣ ਦਾ ਦਾਅਵਾ ਕੀਤਾ ਗਿਆ ਸੀ, ਉਸ ਨੂੰ ਅਦਾਲਤ ਨੇ ਸੀਲ ਕਰਨ ਦੇ ਹੁਕਮ ਦਿੱਤੇ ਸਨ। ਇਹ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਗਿਆਨਵਾਪੀ ਮਸਜਿਦ 'ਚ ਸਰਵੇ ਖਿਲਾਫ ਮੁਸਲਿਮ ਪੱਖ ਵੱਲੋਂ ਦਾਇਰ ਪਟੀਸ਼ਨ 'ਤੇ ਅੱਜ ਸੁਣਵਾਈ ਹੋਵੇਗੀ।



ਇਸ ਦੌਰਾਨ AIMIM ਮੁਖੀ ਅਸਦੁਦੀਨ ਓਵੈਸੀ ਨੇ ਗਿਆਨਵਾਪੀ ਮਸਜਿਦ ਸਰਵੇਖਣ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਜੇਕਰ ਇਤਿਹਾਸ ਦੀ ਗੱਲ ਕਰਨੀ ਹੈ, ਗੱਲ ਸਾਹਮਣੇ ਆ ਗਈ ਹੈ ਤਾਂ ਦੂਰ ਤੱਕ ਜਾਏਗੀ। ਬੇਰੁਜ਼ਗਾਰੀ, ਮਹਿੰਗਾਈ ਆਦਿ ਲਈ ਔਰੰਗਜ਼ੇਬ ਹੀ ਜ਼ਿੰਮੇਵਾਰ ਹੈ, ਪ੍ਰਧਾਨ ਮੰਤਰੀ ਮੋਦੀ ਨਹੀਂ।

ਅਗਲੇ ਟਵੀਟ 'ਚ ਓਵੈਸੀ ਨੇ ਸ਼ਿਵਲਿੰਗ ਹੋਣ ਦੇ ਦਾਅਵੇ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਜਾਰੀ ਕੀਤੀ ਇੱਕ ਵੀਡੀਓ ਵਿੱਚ ਪੁੱਛਿਆ ਹੈ ਕਿ ਮਸਜਿਦ ਕਮੇਟੀ ਨੇ ਦੱਸਿਆ ਕਿ ਇਹ ਇੱਕ ਚਸ਼ਮਾ ਸੀ, ਸ਼ਿਵਲਿੰਗ ਨਹੀਂ। ਜੇਕਰ ਸ਼ਿਵਲਿੰਗ ਮਿਲਿਆ ਸੀ ਤਾਂ ਅਦਾਲਤ ਦੇ ਕਮਿਸ਼ਨਰ ਨੂੰ ਇਹ ਦੱਸਣਾ ਚਾਹੀਦਾ ਸੀ।

'ਸੁਪਰੀਮ ਕੋਰਟ ਦੇ 1991 ਦੇ ਫੈਸਲੇ ਦੀ ਅਣਦੇਖੀ'
ਇਸ ਤੋਂ ਇੱਕ ਦਿਨ ਪਹਿਲਾਂ, ਆਲ ਇੰਡੀਆ ਮਜਲਿਸ ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਗਿਆਨਵਾਪੀ ਮਸਜਿਦ ਦੇ ਸਰਵੇਖਣ ਤੋਂ ਦੁਖੀ ਹਨ ਅਤੇ 1991 ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਹੈਦਰਾਬਾਦ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਓਵੈਸੀ ਨੇ ਕਿਹਾ ਕਿ ਉਹ ਗਿਆਨਵਾਪੀ ਮਸਜਿਦ ਮੁੱਦੇ 'ਤੇ ਬੋਲਣਾ ਜਾਰੀ ਰੱਖਣਗੇ ਕਿਉਂਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੋਂ ਡਰਦੇ ਨਹੀਂ ਹਨ।

ਗੁਜਰਾਤ ਦੇ ਵਡਗਾਮ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਓਵੈਸੀ ਨੇ ਕਿਹਾ, "ਜਦੋਂ ਉਹ ਗਿਆਨਵਾਪੀ ਮਸਜਿਦ ਦੇ ਮੁੱਦੇ 'ਤੇ ਬੋਲਣ 'ਤੇ ਲੋਕ ਉਨ੍ਹਾਂ ਨੂੰ ਸਵਾਲ ਕਰਦੇ ਹਨ। ਮੈਂ ਬੋਲਾਂਗਾ ਕਿਉਂਕਿ ਮੈਂ ਆਪਣੀ ਜ਼ਮੀਰ ਨੂੰ ਨਹੀਂ ਵੇਚਿਆ, ਅਤੇ ਅਜਿਹਾ ਕਦੇ ਨਹੀਂ ਕਰਾਂਗਾ। ਮੈਂ ਇਸ ਲਈ ਬੋਲਦਾ ਹਾਂ ਕਿਉਂਕਿ ਮੈਂ ਸਿਰਫ਼ ਅੱਲ੍ਹਾ ਤੋਂ ਡਰਦਾ ਹਾਂ, ਕਿਸੇ ਮੋਦੀ ਜਾਂ ਯੋਗੀ ਤੋਂ ਨਹੀਂ। ਮੈਂ ਬੋਲਦਾ ਹਾਂ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਵੱਲੋਂ ਬਣਾਇਆ ਸੰਵਿਧਾਨ ਮੈਨੂੰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ।

ਦੁਬਾਰਾ ਕੋਈ ਮਸਜਿਦ ਨਹੀਂ ਗੁਆਵਾਂਗੇ
ਵਾਰਾਣਸੀ ਦੇ ਗਿਆਨਵਾਪੀ ਕੰਪਲੈਕਸ ਵਿੱਚ ਇੱਕ ਸ਼ਿਵਲਿੰਗ ਲੱਭਣ ਦੇ ਹਿੰਦੂ ਪੱਖ ਦੇ ਦਾਅਵੇ ਦੇ ਵਿਚਕਾਰ, ਓਵੈਸੀ ਨੇ ਸੋਮਵਾਰ ਨੂੰ ਕਿਹਾ ਕਿ "ਕੋਈ ਮਸਜਿਦ ਦੁਬਾਰਾ ਨਹੀਂ ਗੁਆਵਾਂਗੇ ਅਤੇ ਗਿਆਨਵਾਪੀ ਤਬਾਹੀ ਤੱਕ ਮਸਜਿਦ ਰਹੇਗੀ।" ਉਵੈਸੀ ਨੇ ਆਪਣੇ ਟਵੀਟ 'ਚ ਇੱਕ ਵੀਡੀਓ ਨੂੰ ਵੀ ਟੈਗ ਕੀਤਾ। ਇਸ 'ਚ ਉਨ੍ਹਾਂ ਕਿਹਾ, ''ਜਦੋਂ ਮੈਂ 20-21 ਸਾਲ ਦਾ ਸੀ ਤਾਂ ਮੇਰੇ ਕੋਲੋਂ ਬਾਬਰੀ ਮਸਜਿਦ ਖੋਹ ਲਈ ਗਈ ਸੀ।

ਹੁਣ ਅਸੀਂ 19-20 ਸਾਲ ਦੇ ਨੌਜਵਾਨਾਂ ਦੀਆਂ ਅੱਖਾਂ ਸਾਹਮਣੇ ਮਸਜਿਦ ਨਹੀਂ ਗੁਆਵਾਂਗੇ, ਇੰਸ਼ਾ ਅੱਲ੍ਹਾ।'' ਉਹਨਾਂ ਨੇ ਭੀੜ 'ਚ ਮੌਜੂਦ ਲੋਕਾਂ ਨੂੰ ਕਿਹਾ, ''ਉਨ੍ਹਾਂ ਨੂੰ ਸੁਨੇਹਾ ਮਿਲ ਜਾਣਾ ਚਾਹੀਦਾ ਹੈ, ਅਸੀਂ ਹੁਣ ਮਸਜਿਦ ਨਹੀਂ ਗੁਆਵਾਂਗੇ। ਸਾਨੂੰ ਤੁਹਾਡੀਆਂ ਚਾਲਾਂ ਦਾ ਪਤਾ ਲੱਗ ਗਿਆ ਹੈ।" ਓਵੈਸੀ ਨੇ ਕਿਹਾ, "ਗਿਆਨਵਾਪੀ ਮਸਜਿਦ ਇੱਕ ਮਸਜਿਦ ਸੀ ਅਤੇ ਜਦੋਂ ਤੱਕ ਅੱਲ੍ਹਾ ਦੁਨੀਆ ਨੂੰ ਕਾਇਮ ਰੱਖੇਗਾ, ਇਹ ਮਸਜਿਦ ਰਹੇਗੀ।"