Chattisgarh High Court: ਛੱਤੀਸਗੜ੍ਹ ਹਾਈ ਕੋਰਟ ਨੇ ਹਾਲ ਹੀ ਵਿੱਚ ਇੱਕ ਅਹਿਮ ਫੈਸਲਾ ਲੈਂਦੇ ਕਿਹਾ ਕਿ ਜੇਕਰ ਕੋਈ ਪਤਨੀ ਆਪਣੇ ਪਤੀ ਨੂੰ ਉਸ ਦੇ ਮਾਤਾ-ਪਿਤਾ ਤੋਂ ਵੱਖ ਹੋਣ ਲਈ ਜ਼ੋਰ ਪਾਉਂਦੀ ਹੈ ਤੇ ਉਸ ਨੂੰ ਦਾਜ ਦੀ ਮੰਗ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੰਦੀ ਹੈ, ਤਾਂ ਇਹ ਮਾਨਸਿਕ ਬੇਰਹਿਮੀ ਦੇ ਬਰਾਬਰ ਹੋਵੇਗਾ।


ਜਸਟਿਸ ਗੌਤਮ ਭਾਦੁੜੀ ਤੇ ਐਨਕੇ ਚੰਦਰਵੰਸ਼ੀ ਦੀ ਡਿਵੀਜ਼ਨ ਬੈਂਚ 21 ਫਰਵਰੀ, 2017 ਨੂੰ ਕੋਰਬਾ ਵਿੱਚ ਇੱਕ ਫੈਮਿਲੀ ਕੋਰਟ ਵੱਲੋਂ ਦਿੱਤੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਇੱਕ ਪਤੀ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ, ਜਿਸ ਵੱਲੋਂ ਬੇਰਹਿਮੀ ਦੇ ਅਧਾਰ 'ਤੇ ਤਲਾਕ ਦੀ ਮੰਗ ਕਰਨ ਵਾਲੀ ਉਸ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ।


ਰਿਕਾਰਡ 'ਤੇ ਮੌਜੂਦ ਸਬੂਤਾਂ ਤੋਂ, ਜੱਜਾਂ ਨੇ ਨੋਟ ਕੀਤਾ ਕਿ ਜੋੜੇ ਦਾ ਵਿਆਹ ਉਨ੍ਹਾਂ ਵਿਚਕਾਰ ਮਤਭੇਦ ਪੈਦਾ ਹੋਣ ਤੋਂ ਦੋ ਮਹੀਨੇ ਪਹਿਲਾਂ ਹੀ ਚੱਲਿਆ ਸੀ। ਪਤਨੀ ਅਕਸਰ ਸਹੁਰੇ ਘਰ ਛੱਡ ਕੇ ਆਪਣੇ ਪੇਕੇ ਚਲੀ ਜਾਂਦੀ ਸੀ।


ਇੱਥੋਂ ਤੱਕ ਕਿ ਉਸ ਦੇ ਪਿਤਾ ਨੇ ਪਤੀ ਨੂੰ ਸਹੁਰੇ ਘਰ ਦੀ ਬਜਾਏ ਆਪਣੇ ਘਰ ਰਹਿਣ ਲਈ ਜ਼ੋਰ ਪਾਇਆ। ਹਾਲਾਂਕਿ, ਪਤੀ ਨੇ ਸੁਲ੍ਹਾ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਸਭ ਬੇਕਾਰ।


ਜੱਜਾਂ ਨੇ ਨੋਟ ਕੀਤਾ, "ਅਜਿਹਾ ਲੱਗਦਾ ਹੈ ਕਿ ਪਤਨੀ ਆਪਣੇ ਵਿੱਤੀ ਸਥਿਤੀ ਦੇ ਮਾਮਲੇ ਵਿੱਚ ਸਮਾਜ ਵਿੱਚ ਪਤੀ ਨਾਲੋਂ ਉਪਰਲੇ ਪੱਧਰ 'ਤੇ ਹੈ, ਇਸ ਲਈ ਉਹ ਉਸਦੇ ਨਾਲ ਰਹਿਣਾ ਚਾਹੁੰਦੀ ਹੈ ਪਰ ਆਪਣੇ ਸਹੁਰੇ ਪਰਿਵਾਰ ਨਾਲ ਨਹੀਂ ਅਤੇ ਇਸ ਲਈ ਉਹ ਹਮੇਸ਼ਾ ਇਸ ਸਬੰਧ ਵਿੱਚ ਪਤੀ 'ਤੇ ਮਾਨਸਿਕ ਦਬਾਅ ਪਾਉਂਦੀ ਹੈ ਅਤੇ ਉਸ ਨੂੰ ਦਾਜ ਦੇ ਕੇਸ ਵਿਚ ਫਸਾਉਣ ਦੀ ਧਮਕੀ ਵੀ ਦਿੰਦੀ ਹੈ।" 


ਇਸ ਲਈ ਕੋਰਟ ਨੇ ਕਿਹਾ ਕਿ ਜੇਕਰ ਪਤਨੀ ਲਗਾਤਾਰ ਪਤੀ ਨੂੰ ਆਪਣੇ ਪਰਿਵਾਰ ਤੋਂ ਵੱਖ ਹੋ ਕੇ ਆਪਣੇ ਪੇਕੇ ਘਰ ਵਿੱਚ ਰਹਿਣ ਲਈ ਮਜਬੂਰ ਕਰਦੀ ਹੈ ਤਾਂ ਇਹ ਮਾਨਸਿਕ ਕਰੂਰਤਾ ਹੈ।