Rahul Gandhi: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਆਪਣੀ ਮਾਂ ਸੋਨੀਆ ਗਾਂਧੀ ਨੂੰ ਇੱਕ Puppy (ਕੁੱਤੇ ਦਾ ਬੱਚਾ) ਗਿਫਟ ਕੀਤਾ ਹੈ। ਇਸ ਕਤੂਰੇ ਦਾ ਨਾਮ ਨੂਰੀ ਰੱਖਿਆ ਗਿਆ ਹੈ। Puppy ਦੇ ਇਸ ਨਾਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ਇੱਕ ਵਿਅਕਤੀ ਅਦਾਲਤ ਵਿੱਚ ਪਹੁੰਚ ਗਿਆ ਹੈ। ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਉਣ ਵਾਲਾ ਵਿਅਕਤੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਦਾ ਸੂਬਾ ਬੁਲਾਰੇ ਮੁਹੰਮਦ ਫਰਹਾਨ ਹੈ।


ਕਿਉਂ ਹੋਇਆ ਨਾਮ ਨੂੰ ਲੈ ਕੇ ਹੰਗਾਮਾ?


ਵਕੀਲ ਨੇ ਕਿਹਾ ਕਿ ਕੁੱਤੇ ਦਾ ਨਾਮ ਨੂਰੀ ਰੱਖੇ ਜਾਣ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਉਸ ਦਾ ਕਹਿਣਾ ਹੈ ਕਿ ਨੂਰੀ ਸ਼ਬਦ ਵਿਸ਼ੇਸ਼ ਤੌਰ 'ਤੇ ਮੁਸਲਿਮ ਧਰਮ ਨਾਲ ਜੁੜਿਆ ਹੋਇਆ ਹੈ ਅਤੇ ਇਸਲਾਮ ਧਰਮ ਵਿਚ ਇਸ ਦਾ ਸਬੰਧ ਪੈਗੰਬਰ ਮੁਹੰਮਦ ਨਾਲ ਹੈ। ਵਕੀਲ ਨੇ ਕਿਹਾ ਕਿ ਕੁਰਾਨ ਮਜੀਦ ਦੀ ਸੂਰਾ ਨੂਰ ਆਇਤ 35 ਵਿਚ ਵੀ 'ਨੂਰੀ' ਸ਼ਬਦ ਦਾ ਜ਼ਿਕਰ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਕੁੜੀਆਂ ਦੇ ਨਾਂ ਵੀ ‘ਨੂਰੀ’ ਹਨ। ਫਰਹਾਨ ਦਾ ਕਹਿਣਾ ਹੈ ਕਿ ਉਹਨਾਂ ਨੇ ਰਾਹੁਲ ਨੂੰ ਨਾਂ ਬਦਲਣ ਅਤੇ ਮੁਆਫੀ ਮੰਗਣ ਲਈ ਕਿਹਾ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ।


ਵਕੀਲ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਰਾਹੁਲ ਗਾਂਧੀ ਨੇ ਸਾਡੀਆਂ ਲੜਕੀਆਂ, ਬਜ਼ੁਰਗਾਂ ਅਤੇ ਖਾਸ ਕਰਕੇ ਸਾਡੇ ਪੈਗੰਬਰ ਦਾ ਅਪਮਾਨ ਕੀਤਾ ਹੈ। ਇਸਲਾਮ ਦੇ ਆਗਮਨ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਮੁਸਲਮਾਨ ਪਰਿਵਾਰ ਨੇ ਇਸ ਜਾਨਵਰ ਦਾ ਨਾਂ 'ਨੂਰੀ' ਨਹੀਂ ਰੱਖਿਆ ਹੈ। ਏਆਈਐਮਆਈਐਮ ਆਗੂ ਦੇ ਵਕੀਲ ਨੇ ਕਿਹਾ, ਅਦਾਲਤ ਨੇ ਫਰਹਾਨ ਨੂੰ 8 ਨਵੰਬਰ ਨੂੰ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ 'ਤੇ ਗੌਰ ਕਰਨ ਤੋਂ ਬਾਅਦ ਅਦਾਲਤ ਰਾਹੁਲ ਗਾਂਧੀ ਨੂੰ ਤਲਬ ਕਰ ਸਕਦੀ ਹੈ।


ਕੀ ਹੈ ਮਾਮਲਾ?


ਦਰਅਸਲ ਰਾਹੁਲ ਗਾਂਧੀ ਨੇ ਹਾਲ ਹੀ 'ਚ ਆਪਣੇ ਯੂਟਿਊਬ ਚੈਨਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਜਦੋਂ ਉਹ ਆਪਣੇ ਗੋਆ ਦੌਰੇ 'ਤੇ ਸਨ ਤਾਂ ਉੱਥੇ ਦੇ ਇਕ ਪਰਿਵਾਰ ਨੇ ਉਨ੍ਹਾਂ ਨੂੰ ਇਕ ਕਤੂਰਾ ਦਿੱਤਾ ਸੀ। ਉਹ ਇਸ ਕਤੂਰੇ ਨੂੰ ਦਿੱਲੀ ਲੈ ਕੇ ਆਏ ਅਤੇ ਫਿਰ ਉਨ੍ਹਾਂ ਨੇ ਇਹ ਕਤੂਰਾ ਆਪਣੀ ਮਾਂ ਨੂੰ ਗਿਫਟ ਕਰ ਦਿੱਤਾ। ਵੀਡੀਓ 'ਚ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਮੈਂ ਤੁਹਾਨੂੰ (ਸੋਨੀਆ ਗਾਂਧੀ) ਨੂੰ ਆਪਣੇ ਪਰਿਵਾਰ ਦੇ ਨਵੇਂ ਮੈਂਬਰ, ਜਿਸ ਦਾ ਨਾਮ ਨੂਰੀ ਹੈ, ਨਾਲ ਮਿਲਾਉਣਾ ਚਾਹੁੰਦਾ ਹਾਂ। ਉਹ ਇਸ ਕਤੂਰੇ ਨੂੰ ਆਪਣੀ ਮਾਂ ਨੂੰ ਦੇ ਦਿੰਦੇ ਹਨ।