ਬੀਐਸ ਧਨੋਆ ਨੇ ਕਿਹਾ ਕਿ ਹਵਾਈ ਫ਼ੌਜ ਨੇ ਆਪਣਾ ਟਾਰਗੇਟ ਪੂਰਾ ਕੀਤਾ, ਅਸੀਂ ਟਾਰਗੇਟ ਖ਼ਤਮ ਕਰਦੇ ਹਾਂ ਅੱਤਵਾਦੀ ਨਹੀਂ ਗਿਣਦੇ। ਉਨ੍ਹਾਂ ਕਿਹਾ ਕਿ ਜੇਕਰ ਜੰਗਲ 'ਚ ਬੰਬ ਸੁੱਟੇ ਗਏ ਸੀ ਤਾਂ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈ ਕਿਉਂ ਕੀਤੀ ਗਈ। ਧਨੋਆ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਹਾਲੇ ਆਪ੍ਰੇਸ਼ਨ ਖ਼ਤਮ ਨਹੀਂ ਹੋਏ। ਉਨ੍ਹਾਂ ਇਹ ਵੀ ਦੱਸਿਆ ਕਿ ਵਿੰਗ ਕਮਾਂਡਰ ਅਭਿਨੰਦਨ ਦਾ ਮੈਡੀਕਲ ਜਾਰੀ ਹੈ ਅਤੇ ਉਹ ਉਡਾਣ ਭਰੇਗਾ ਜਾਂ ਨਹੀਂ ਇਹ ਮੈਡੀਕਲ ਪੂਰਾ ਹੋਣ ਤੋਂ ਬਾਅਦ ਤੈਅ ਹੋਵੇਗਾ। ਇੰਨਾ ਹੀ ਨਹੀਂ ਹਵਾਈ ਫ਼ੌਜ ਮੁਖੀ ਨੇ ਕਿਹਾ ਕਿ ਮੋਦੀ ਸਰਕਾਰ ਯੂਪੀਏ ਵਾਂਗ ਪਾਕਿਸਤਾਨ ’ਤੇ ਕਾਰਵਾਈ ਕਰਨੋਂ ਘਬਰਾਉਂਦੀ ਨਹੀਂ।
ਜ਼ਿਕਰਯੋਗ ਹੈ ਕਿ ਬੀਤੀ 26 ਫਰਵਰੀ ਨੂੰ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿੱਚ ਏਅਰ ਸਟ੍ਰਾਈਕ ਕਰ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸ ਹਮਲੇ ਦੌਰਾਨ 300 ਤੋਂ ਵੱਧ ਅੱਤਵਾਦੀ ਮਾਰੇ ਗਏ, ਪਰ ਅੱਜ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ 250 ਦਹਿਸ਼ਤਗਰਦਾਂ ਦੇ ਮਾਰੇ ਜਾਣ ਦਾ ਖੁਲਾਸਾ ਕੀਤਾ ਸੀ। ਇਸ ਮਸਲੇ 'ਤੇ ਵਿਰੋਧੀ ਧਿਰ ਤੇ ਸਰਕਾਰ ਦੀ ਆਪਸੀ ਦੂਸ਼ਣਬਾਜ਼ੀ ਵੀ ਜਾਰੀ ਹੈ।