ਮੁੰਬਈ ਤੋਂ ਦਿੱਲੀ ਆ ਰਹੀ ਇੱਕ ਫਲਾਈਟ 'ਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਕ੍ਰੂ ਮੈਂਬਰ ਨੂੰ ਕੇਬਿਨ ਵਿੱਚ ਇੱਕ ਟਿਸ਼ੂ ਪੇਪਰ ਮਿਲਿਆ, ਜਿਸ 'ਤੇ ਬੰਬ ਦੀ ਧਮਕੀ ਲਿਖੀ ਹੋਈ ਸੀ। ਜਾਣਕਾਰੀ ਮੁਤਾਬਕ, ਫਲਾਈਟ ਨੰਬਰ 2954 ਦੇ ਕ੍ਰੂ ਮੈਂਬਰ ਨੇ ਟਿਸ਼ੂ ਪੇਪਰ 'ਤੇ ਲਿਖਿਆ ਵੇਖਿਆ ਕਿ “Air India 2948 @ T3 ਵਿੱਚ ਬੰਬ ਹੈ”।
ਇਸ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਏਜੰਸੀਜ਼ ਨੂੰ ਅਲਰਟ ਕੀਤਾ ਗਿਆ। ਦਿੱਲੀ ਫਾਇਰ ਵਿਭਾਗ ਨੂੰ ਸਵੇਰੇ 4:42 ਵਜੇ ਕਾਲ ਆਈ, ਜਿਸ ਤੋਂ ਬਾਅਦ ਸੁਰੱਖਿਆ ਜਾਂਚ ਸ਼ੁਰੂ ਹੋਈ। ਬੰਬ ਸਕਵਾਡ ਅਤੇ ਹੋਰ ਸੁਰੱਖਿਆ ਏਜੰਸੀਜ਼ ਵੱਲੋਂ ਤਲਾਸ਼ੀ ਲਈ ਆਪਰੇਸ਼ਨ ਚਲਾਇਆ ਗਿਆ ਤੇ ਜਾਂਚ ਤੋਂ ਬਾਅਦ ਇਸਨੂੰ 'ਹੌਕਸ' ਯਾਨੀ ਝੂਠੀ ਜਾਣਕਾਰੀ ਕਰਾਰ ਦਿੱਤਾ ਗਿਆ।
ਏਅਰ ਇੰਡੀਆ ਦਾ ਬਿਆਨ
ਬੰਬ ਦੀ ਧਮਕੀ ਦੀ ਸੂਚਨਾ ਮਿਲਣ ਤੋਂ ਬਾਅਦ ਏਅਰ ਇੰਡੀਆ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਗਿਆ: "ਸਾਡੇ ਇੱਕ ਵਿਮਾਨ 'ਤੇ ਇੱਕ ਗੈਰ-ਨਿਰਧਾਰਤ ਸੁਰੱਖਿਆ ਚੇਤਾਵਨੀ ਦੀ ਪਛਾਣ ਕੀਤੀ ਗਈ ਸੀ। ਸਾਰੇ ਮਿਆਰੀ ਸੁਰੱਖਿਆ ਪ੍ਰੋਟੋਕਾਲ ਲਾਗੂ ਕਰਕੇ ਪੂਰੇ ਕੀਤੇ ਗਏ ਹਨ ਅਤੇ ਵਿਮਾਨ ਨੂੰ ਅਗਲੀ ਉਡਾਣ ਲਈ ਮਨਜ਼ੂਰੀ ਮਿਲ ਚੁੱਕੀ ਹੈ। ਏਅਰ ਇੰਡੀਆ ਆਪਣੇ ਯਾਤਰੀਆਂ ਅਤੇ ਕ੍ਰੂ ਮੈਂਬਰਾਂ ਦੀ ਸੁਰੱਖਿਆ ਨੂੰ ਸਭ ਤੋਂ ਉੱਚੀ ਤਰਜੀਹ ਦਿੰਦਾ ਹੈ।"
ਥਾਈਲੈਂਡ ਤੋਂ ਦਿੱਲੀ ਆ ਰਹੀ ਫਲਾਈਟ ਨੂੰ ਮਿਲੀ ਸੀ ਧਮਕੀ
13 ਜੂਨ ਨੂੰ, ਥਾਈਲੈਂਡ ਦੇ ਫੁਕੇਟ ਇੰਟਰਨੈਸ਼ਨਲ ਏਅਰਪੋਰਟ 'ਤੇ ਐਅਰ ਇੰਡੀਆ ਦੀ ਫਲਾਈਟ AI-379 ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ। ਇਹ ਫਲਾਈਟ ਫੁਕੇਟ ਤੋਂ ਦਿੱਲੀ ਆ ਰਹੀ ਸੀ। ਫਲਾਈਟ 'ਚ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਏਅਰਪੋਰਟ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਏਅਰਪੋਰਟ ਕੰਟਿੰਜੈਂਸੀ ਪਲਾਨ (ACP) ਲਾਗੂ ਕਰ ਦਿੱਤਾ ਸੀ। ਇਸ ਫਲਾਈਟ ਵਿੱਚ 156 ਯਾਤਰੀ ਸਵਾਰ ਸਨ।
ਬਰਮਿੰਘਮ ਤੋਂ ਦਿੱਲੀ ਆ ਰਹੇ ਜਹਾਜ਼ ਨੂੰ ਵੀ ਮਿਲੀ ਸੀ ਬੰਬ ਦੀ ਧਮਕੀ
22 ਜੂਨ ਨੂੰ ਐਅਰ ਇੰਡੀਆ ਦੀ ਫਲਾਈਟ AI114 ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ, ਜਦੋਂ ਇਹ ਬਰਮਿੰਘਮ ਤੋਂ ਦਿੱਲੀ ਆ ਰਹੀ ਸੀ, ਤਾਂ ਇਸਨੂੰ ਰਿਆਦ ਵੱਲ ਮੋੜ ਦਿੱਤਾ ਗਿਆ। ਰਿਆਦ 'ਚ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ ਅਤੇ ਸਾਰੇ ਯਾਤਰੀਆਂ ਨੂੰ ਸਲਾਮਤ ਤਰੀਕੇ ਨਾਲ ਉਤਾਰ ਲਿਆ ਗਿਆ।
ਸੁਰੱਖਿਆ ਜਾਂਚ ਤੋਂ ਬਾਅਦ ਯਾਤਰੀਆਂ ਨੂੰ ਹੋਟਲ ਵਿੱਚ ਰਿਹਾਇਸ਼ ਲਈ ਭੇਜਿਆ ਗਿਆ। ਫਲਾਈਟ ਦੇ ਟਾਇਲਟ ਨੇੜੇ ਇੱਕ ਕਾਗਜ਼ ਮਿਲਿਆ ਸੀ ਜਿਸ 'ਚ ਬੰਬ ਦੀ ਧਮਕੀ ਲਿਖੀ ਹੋਈ ਸੀ। ਇਹ ਫਲਾਈਟ ਬੋਇੰਗ ਡਰੀਮਲਾਈਨਰ 787-8 ਸੀ।