ਨਵੀਂ ਦਿੱਲੀ: ਏਅਰ ਇੰਡੀਆ ਨੇ ਆਪਣੇ ਜਹਾਜ਼ਾ ‘ਚ ਪਾਇਲਟਾਂ ਨੂੰ ਖਾਣਾ ਲੈ ਜਾਣ ਦੀ ਮਨਾਹੀ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਕਾਰਨ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਬੀਤੇ ਸੋਮਵਾਰ ਨੂੰ ਏਅਰ ਇੰਡੀਆ ਦੇ ਜਹਾਜ਼ ‘ਚ ਕੈਪਟਨ ਤੇ ਚਾਲਕ ਦਲ ਦੇ ਇੱਕ ਮੈਂਬਰ ‘ਚ ਬਹਿਸ ਹੋ ਗਈ। ਅਸਲ ‘ਚ ਕੈਪਟਨ ਨੇ ਚਾਲਕ ਦਲ ਦੇ ਮੈਂਬਰ ਨੂੰ ਕਿਹਾ ਕਿ ਖਾਣਾ ਖਾਣ ਤੋਂ ਬਾਅਦ ਉਸ ਦਾ ਟਿਫਿਨ ਸਾਫ਼ ਕਰ ਦੇਵੇ।

ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘ਅਸੀਂ ਸੋਮਵਾਰ ਨੂੰ ਹੋਈ ਇਸ ਘਟਨਾ ‘ਤੇ ਗੰਭੀਰ ਵਿਚਾਰ ਕੀਤਾ ਹੈ ਤੇ ਜਲਦੀ ਹੀ ਆਪਣੇ ਪਾਈਲਟਾਂ ਨੂੰ ਕਹਾਂਗੇ ਕਿ ਉਹ ਖਾਣਾ ਲੈ ਕੇ ਉਡਾਣ ‘ਚ ਨਾ ਜਾਣ।” ਏਅਰ ਲਾਈਨ ਦੇ ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਉਡਾਣ ਏਆਈ772 ਸੋਮਵਾਰ ਨੂੰ 11:40 ‘ਤੇ ਬੈਂਗਲੂਰ ਤੋਂ ਕੋਲਕਾਤਾ ਲਈ ਜਾਣੀ ਸੀ ਪਰ ਇਸ ਵਿਵਾਦ ਕਰਕੇ ਇਸ ‘ਚ ਕਰੀਬ ਦੋ ਘੰਟੇ ਦੀ ਦੇਰੀ ਹੋ ਗਈ।

ਅਧਿਕਾਰੀ ਨੇ ਦੱਸਿਆ, “ਮੈਨੂੰ ਕਿਹਾ ਗਿਆ ਕਿ ਕੈਪਟਨ ਚਾਹੁੰਦੇ ਸੀ ਕਿ ਚਾਲਕ ਦਲ ਦਾ ਮੈਂਬਰ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦਾ ਟਿਫਿਨ ਸਾਫ਼ ਕਰ ਦਵੇ।” ਸ਼ਾਇਦ ਇਸੇ ਕਰਕੇ ਦੋਵਾਂ ‘ਚ ਜ਼ੋਰਦਾਰ ਬਹਿਸ ਹੋ ਗਈ। ਇਸ ਘਟਨਾ ਦੇ ਸਿਲਸਿਲੇ ‘ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।”

ਇਸ ਤੋਂ ਪਹਿਲਾਂ 27 ਮਾਰਚ ਨੂੰ ਫੈਸਲਾ ਲਿਆ ਗਿਆ ਸੀ ਕਿ ਪਾਈਲਟ ਆਪਣੇ ਲਈ ਖਾਸ ਤਰ੍ਹਾਂ ਦਾ ਖਾਣਾ ਆਰਡਰ ਨਹੀਂ ਕਰ ਸਕਦੇ ਕਿਉਂਕਿ ਪਾਈਲਟਾਂ ਨੂੰ ਕੰਪਨੀ ਵੱਲੋਂ ਤੈਅ ਖਾਣਾ ਹੀ ਖਾਣਾ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਸੀ ਕਿਉਂਕਿ ਕੁਝ ਪਾਈਲ਼ਟ ਬਰਗਰ ਤੇ ਸੂਪ ਦਾ ਆਰਡਰ ਕਰਦੇ ਪਏ ਗਏ ਸੀ।