ਨਵੀਂ ਦਿੱਲੀ: ਕੇਰਲ ਦੇ ਕੋਝੀਕੋਡ ਹਵਾਈ ਅੱਡੇ 'ਤੇ ਸ਼ੁਕਰਵਾਰ ਰਾਤ ਹੋਏ ਦਰਦਨਾਕ ਹਵਾਈ ਹਾਦਸੇ 'ਚ 17 ਲੋਕਾਂ ਦੀ ਮੌਤ ਹੋ ਗਈ। ਦਅਸਲ ਦੁਬਈ ਤੋਂ ਆ ਰਿਹਾ ਏਅਰ ਇੰਡੀਆਂ ਦਾ ਜਹਾਜ਼ IX-1344 ਲੈਂਡਿੰਗ ਦੌਰਾਨ ਰਨਵੇਅ 'ਤੇ ਤਿਲਕ ਕੇ ਖੱਡ 'ਚ ਜਾ ਡਿੱਗਾ। ਇਸ ਹਾਦਸੇ 'ਚ ਜਹਾਜ਼ ਦੇ ਦੋ ਟੋਟੇ ਹੋ ਗਏ।


ਪਾਇਲਟ ਸਮੇਤ 17 ਲੋਕਾਂ ਦੀ ਮੌਤ ਹੋ ਗਈ ਤੇ 100 ਤੋਂ ਜ਼ਿਆਦਾ ਲੋਕ ਗੰਭੀਰ ਜ਼ਖ਼ਮੀ ਹਨ। ਜਹਾਜ਼ 'ਚ 10 ਬੱਚਿਆਂ ਤੋਂ ਇਲਾਵਾ 174 ਯਾਤਰੀ, ਚਾਰ ਕੈਬਿਨ ਕਰੂ ਮੈਂਬਰ ਅਤੇ ਦੋ ਪਾਇਲਟ ਸਵਾਰ ਸਨ। ਹਾਦਸੇ 'ਚ ਜਹਾਜ਼ ਦਾ ਅਗਾਲ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਕੋਝੀਕੋਡ ਦੇ ਜਿਸ ਹਵਾਈ ਅੱਡੇ 'ਤੇ ਇਹ ਹਾਦਸਾ ਵਾਪਰਿਆ ਉਹ ਟੇਬਲ ਟੌਪ ਏਅਰਪੋਰਟ ਹੈ। ਏਅਰ ਇੰਡੀਆਂ ਨੇ ਕਿਹਾ ਕਿ ਲੈਂਡਿੰਗ ਦੌਰਾਨ ਜਹਾਜ਼ 'ਚ ਅੱਗ ਨਹੀਂ ਲੱਗੀ। ਹਾਲਾਂਕਿ ਰਨਵੇਅ ਦੇ ਆਸਪਾਸ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕੋਝੀਕੋਡ 'ਚ ਹੋਏ ਜਹਾਜ਼ ਹਾਦਸੇ ਤੋਂ ਦੁਖੀ ਹਾਂ। ਮੇਰੀ ਹਮਦਰਦੀ ਉਨ੍ਹਾਂ ਲੋਕਾਂ ਨਾਲ ਜਿੰਨ੍ਹਾਂ ਨੇ ਆਪਣਿਆਂ ਨੂੰ ਇਸ ਹਾਦਸੇ 'ਚ ਗਵਾ ਦਿੱਤਾ। ਜ਼ਖ਼ਮੀ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ।





ਜਹਾਜ਼ ਸ਼ਾਮ ਨੂੰ ਕਰੀਬ ਸੱਤ ਵੱਜ ਕੇ 40 ਮਿੰਟ 'ਤੇ ਹਵਾਈ ਅੱਡੇ 'ਤੇ ਉੱਤਰਿਆ। ਜਹਾਜ਼ ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਜਾਹਜ਼ ਸੰਭਾਵਿਤ ਰਨਵੇਅ ਤੋਂ ਅੱਗੇ ਨਿੱਕਲ ਗਿਆ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਕਿਹਾ ਸ਼ਾਇਦ ਕਾਲੀਕਟ 'ਚ ਬਹੁਤ ਭਾਰੀ ਬਾਰਸ਼ ਹੋਣ ਕਾਰਨ ਪਾਇਲਟ ਪਹਿਲਾਂ ਲੈਂਡਿੰਗ ਨਹੀਂ ਕਰ ਸਕੇ। ਦੂਜੇ ਯਤਨ 'ਚ ਹਾਰਡ ਲੈਂਡਿੰਗ ਹੋਈ। ਇਸ ਤੋਂ ਬਾਅਦ ਫਲਾਇਟ ਰਨਵੇਅ ਤੋਂ ਬਾਹਰ ਸਕਿਪ ਕਰ ਗਈ। ਇਹ ਬਹੁਤ ਹੀ ਦੁਖਦਾਈ ਘਟਨਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ