ਨਵੀਂ ਦਿੱਲੀ: ਥੋੜ੍ਹੇ ਸਮੇਂ ਦੀ ਰਾਹਤ ਤੋਂ ਬਾਅਦ ਕੌਮੀ ਰਾਜਧਾਨੀ ਦਿੱਲੀ ਵਿੱਚ ਫਿਰ ਤੋਂ ਧੁੰਦ ਦੀ ਪਰਤ ਜੰਮਣੀ ਸ਼ੁਰੂ ਹੋ ਗਈ ਹੈ। ਐਤਵਾਰ ਨੂੰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋ ਗਈ। ਏਅਰ ਕੁਆਲਟੀ ਇੰਡੈਕਸ (ਏਕਿਊਆਈ) 245 ਤੱਕ ਪਹੁੰਚ ਗਿਆ, ਜੋ ਖਰਾਬ ਸ਼੍ਰੇਣੀ ਵਿੱਚ ਆਉਂਦਾ ਹੈ। ਰਾਜਧਾਨੀ ਦੇ ਨਜ਼ਦੀਕ ਗਾਜ਼ੀਆਬਾਦ, ਫਰੀਦਾਬਾਦ, ਨੋਇਡਾ, ਬਾਗਪਤ, ਮੁਰਥਲ ਵਿੱਚ ਏਕਿਯੂਆਈ ਕ੍ਰਮਵਾਰ 287, 233, 275, 258 ਤੇ 245 ਦਰਜ ਕੀਤਾ ਗਿਆ।


ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਹਰਿਆਣਾ ਦੇ ਕਰਨਾਲ ਜ਼ਿਲ੍ਹੇ ਵਿੱਚ ਹਵਾ ਦੀ ਗੁਣਵੱਤਾ ਰਾਤੋ-ਰਾਤ 'ਬਹੁਤ ਖਰਾਬ' 'ਤੇ ਪਹੁੰਚ ਗਈ, ਜਿੱਥੇ ਏਕਿਊਆਈ ਦਾ ਇੰਡੈਕਸ 351 ਨੂੰ ਛੂਹ ਗਿਆ। ਦੱਸ ਦੇਈਏ 0 ਤੇ 50 ਦੇ ਵਿਚਕਾਰ ਇੱਕ ਏਕਿਊਆਈ 'ਚੰਗਾ' ਹੈ, 51 ਤੇ 100 ਦੇ ਵਿਚਕਾਰ 'ਤਸੱਲੀਬਖਸ਼' ਹੈ, 101 ਤੇ 200 ਵਿਚਾਲੇ 'ਮੱਧਮ', 201 ਤੇ 300 ਦੇ ਵਿਚਾਲੇ 'ਖਰਾਬ', 301 ਤੋਂ 400 'ਬਹੁਤ ਖਰਾਬ' ਤੇ 401 ਤੋਂ 500 ਦੇ ਵਿਚਕਾਰ ਨੂੰ 'ਗੰਭੀਰ' ਸ਼੍ਰੇਣੀ ਮੰਨਿਆ ਜਾਂਦਾ ਹੈ।


ਸ਼ਨੀਵਾਰ ਨੂੰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਆਂਢੀ ਸੂਬਿਆਂ ਵਿੱਚ ਪਰਾਲੀ ਸਾੜਨ ਨਾਲ ਧੂੰਆਂ ਦਿੱਲੀ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਦਿੱਲੀ ਦੀ ਹਵਾ ਦੀ ਕੁਆਲਟੀ ਵਿਗੜਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ, 'ਵਿਆਪਕ ਤੌਰ 'ਤੇ ਕਿਹਾ ਗਿਆ ਹੈ ਕਿ ਦਿੱਲੀ ਵਿੱਚ ਆਉਣ ਵਾਲਾ ਧੂੰਆਂ ਹਰਿਆਣਾ ਦੇ ਕਰਨਾਲ ਵਿੱਚ ਪਰਾਲੀ ਸਾੜਨ ਕਾਰਨ ਆਉਂਦਾ ਹੈ।'


ਅਰਵਿੰਦ ਕੇਜਰੀਵਾਲ ਨੇ ਹਰਿਆਣਾ ਤੇ ਪੰਜਾਬ ਤੋਂ ਆਉਂਦੀਆਂ ਹਵਾਵਾਂ ਤੇ ਪਰਾਲੀ ਕਾਰਨ ਹੋਣ ਵਾਲੇ ਪ੍ਰਦੂਸ਼ਣ ਬਾਰੇ ਚਿੰਤਾ ਜਤਾਈ ਹੈ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਸਾਲ ਦੇ ਬਾਕੀ ਮਹੀਨਿਆਂ ਵਿੱਚ ਦਿੱਲੀ ਦਾ ਪ੍ਰਦੂਸ਼ਣ 25 ਫੀਸਦੀ ਘਟਿਆ ਹੈ, ਪਰ ਅਕਤੂਬਰ-ਨਵੰਬਰ ਵਿੱਚ ਗੁਆਂਢੀ ਸੂਬਿਆਂ ਤੋਂ ਪਰਾਲੀ ਸਾੜਨ ਦਾ ਧੂੰਆਂ ਖ਼ਤਰਨਾਕ ਪ੍ਰਦੂਸ਼ਣ ਦਾ ਕਾਰਨ ਬਣ ਰਿਹਾ ਹੈ। ਧੂੰਆਂ ਆਉਣਾ ਸ਼ੁਰੂ ਹੋ ਗਿਆ ਹੈ। ਅਸੀਂ ਦਿੱਲੀ ਵਾਲੇ ਉਹ ਸਾਰੇ ਕਦਮ ਉਠਾ ਰਹੇ ਹਾਂ ਜੋ ਸਾਡੇ ਪੱਧਰ 'ਤੇ ਸੰਭਵ ਹਨ।