ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਕਾਂਗਰਸ ਵਿੱਚ ਬਗਾਵਤ ਸਿਖਰਾਂ 'ਤੇ ਹੈ। ਕਈ ਲੀਡਰਾਂ ਨੇ ਦੂਜੀਆਂ ਪਾਰਟੀਆਂ ਦਾ ਪੱਲਾ ਫੜ ਲਿਆ ਹੈ ਤੇ ਕਈ ਆਪਣੇ ਹੀ ਉਮੀਦਵਾਰਾਂ ਦੇ ਵਿਰੁੱਧ ਖੜ੍ਹੇ ਹੋ ਗਏ ਹਨ। ਉਧਰ, ਹਰਿਆਣਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਸਖਤੀ ਵਰਤਦਿਆਂ 16 ਬਾਗੀ ਉਮੀਦਵਾਰਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ।


ਪਾਰਟੀ ਵਿੱਚੋਂ ਕੱਢੇ ਗਏ 16 ਲੀਡਰ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਅਧਿਕਾਰਤ ਉਮੀਦਵਾਰਾਂ ਵਿਰੁੱਧ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਕਈ ਸੀਨੀਅਰ ਲੀਡਰ ਅੰਦਰ-ਖਾਤੇ ਆਪਣੀ ਪਾਰਟੀ ਦੇ ਉਮੀਦਵਾਰ ਦੀ ਹੀ ਮੁਖਾਲਫਤ ਕਰ ਰਹੇ ਹਨ। ਇਸ ਲਈ ਅਗਲੇ ਦਿਨਾਂ ਵਿੱਚ ਹੋਰ ਲੀਡਰਾਂ ਖਿਲਾਫ ਕਾਰਵਾਈ ਹੋ ਸਕਦੀ ਹੈ।

ਸੈਲਜ਼ਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪਾਰਟੀ ਸੰਵਿਧਾਨ ਦੀ ਉਲੰਘਣਾ ਕਰਨ ਤੇ 2019 ਦੀਆਂ ਵਿਧਾਨ ਸਭਾ ਚੋਣਾਂ ਬਾਗੀ ਉਮੀਦਵਾਰਾਂ ਵਜੋਂ ਲੜਨ ਕਰਕੇ 16 ਜਣਿਆਂ ਨੂੰ ਕਾਂਗਰਸ ਵਿੱਚੋਂ ਕੱਢਿਆ ਗਿਆ ਹੈ। ਕੱਢੇ ਗਏ ਉਮਦੀਵਾਰਾਂ ਵਿੱਚ ਸਾਬਕਾ ਮੰਤਰੀ ਨਿਰਮਲ ਸਿੰਘ, ਸਾਬਕਾ ਡਿਪਟੀ ਸਪੀਕਰ ਆਜ਼ਾਦ ਮੁਹੰਮਦ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਜ਼ਿਲੇ ਰਾਮ ਸ਼ਰਮਾ ਸਣੇ ਹੋਰ ਸ਼ਾਮਲ ਹਨ।

ਸੈਲਜ਼ਾ ਨੇ ਕਿਹਾ ਹੈ ਕਿ ਪਾਰਟੀ ਅੰਦਰ ਅਨੁਸਾਸ਼ਨਹੀਨਤਾ ਬਰਦਾਸ਼ਤ ਨਹੀਂ ਕੀਤੀ ਜਾਏਗੀ। ਇਸ ਲਈ ਹੋਰ ਬਾਗੀ ਲੀਡਰਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ। ਜੇਕਰ ਉਨ੍ਹਾਂ ਨੇ ਪਾਰਟੀ ਉਮੀਦਵਾਰਾਂ ਖਿਲਾਫ ਸਰਗਰਮੀਆਂ ਬੰਦ ਨਾ ਕੀਤੀਆਂ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਏਗੀ।