ਉੱਡਦੇ ਜਹਾਜ਼ 'ਚੋਂ ਟੌਇਲਟ ਵੇਸਟ ਸੁੱਟਣ ਵਾਲੀਆਂ, ਏਅਰਲਾਈਨਜ਼ ਨੂੰ ਲੱਗੇਗਾ ਜ਼ੁਰਮਾਨਾ
ਏਬੀਪੀ ਸਾਂਝਾ | 02 Sep 2018 01:14 PM (IST)
ਸੰਕੇਤਕ ਤਸਵੀਰ
ਨਵੀਂ ਦਿੱਲੀ: ਭਾਰਤ ਵਿੱਚ ਏਅਰਲਾਈਨਜ਼ ਜੇਕਰ ਉਡਾਣ ਦੌਰਾਨ ਟੌਇਲਟ ਵੇਸਟ ਨੂੰ ਜ਼ਮੀਨ 'ਤੇ ਸੁੱਟਣਗੀਆਂ ਤਾਂ 50,000 ਰੁਪਏ ਦਾ ਜ਼ੁਰਮਾਨਾ ਭਰਨਾ ਪਵੇਗਾ। ਡਾਇਰੈਕੋਰੇਟ ਜਨਰਲ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਸਾਰੀਆਂ ਏਅਰਲਾਈਨਜ਼ ਨੂੰ ਇਸ ਸਬੰਧੀ ਤਾੜਨਾ ਕੀਤੀ ਹੈ। ਦਰਅਸਲ, ਕੌਮੀ ਗਰੀਨ ਟ੍ਰਿਬਿਊਨਲ ਵੱਲੋਂ ਡੀਜੀਸੀਏ ਨੂੰ ਸਖ਼ਤ ਤਾੜਨਾ ਕੀਤੀ ਗਈ ਸੀ ਕਿ ਜੇਕਰ ਕਿਸੇ ਜਹਾਜ਼ ਨੇ ਇਨਸਾਨੀ ਮਲ ਨੂੰ ਹਵਾ ਵਿੱਚ ਹੇਠਾਂ ਧਰਤੀ ਉੱਤੇ ਸੁੱਟਿਆ ਤਾਂ ਉਹ ਡੀਜੀਸੀਏ ਦੇ ਸਾਰੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਤੇ ਰੋਕ ਲਾ ਦੇਵੇਗਾ। ਇਸ ਨਿਰਦੇਸ਼ 'ਤੇ ਤੁਰਤ-ਫੁਰਤ ਕਾਰਵਾਈ ਕਰਦਿਆਂ ਡੀਜੀਸੀਏ ਨੇ ਅਜਿਹਾ ਕਰਨ ਵਾਲੀਆਂ ਹਵਾਬਾਜ਼ੀ ਕੰਪਨੀਆਂ ਨੂੰ 50,000 ਰੁਪਏ ਦਾ ਜ਼ੁਰਮਾਨਾ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਡੀਜੀਸੀਏ ਨੇ ਨਿਰਦੇਸ਼ ਦਿੱਤੇ ਹਨ ਕਿ ਏਅਰਲਾਈਨਜ਼ ਨੂੰ ਉਡਾਣ ਭਰਨ ਤੋਂ ਪਹਿਲਾਂ ਜਾਂ ਉੱਤਰਨ ਤੋਂ ਬਾਅਦ ਹੀ ਪਖ਼ਾਨਾ ਟੈਂਕ ਨੂੰ ਖਾਲੀ ਕਰਨ। ਹਵਾਬਾਜ਼ੀ ਕੰਪਨੀਆਂ ਨੂੰ ਇਹ ਹੁਕਮ ਬੀਤੀ 30 ਅਗਸਤ ਨੂੰ ਫੌਰਨ ਜਾਰੀ ਕੀਤੇ ਗਏ ਸਨ, ਕਿਉਂਕਿ ਐਨਜੀਟੀ ਨੇ ਚੇਤਾਵਨੀ ਦਿੱਤੀ ਸੀ ਕਿ 31 ਅਗਸਤ ਤੋਂ ਪਹਿਲਾਂ ਇਨ੍ਹਾਂ ਹੁਕਮਾਂ ਦੀ ਤਾਮੀਲ ਨਾ ਕੀਤੀ ਗਈ ਤਾਂ ਡੀਜੀਸੀਏ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਰੋਕ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਬਹੁਤ ਸਾਰੀਆਂ ਏਅਰਲਾਈਨਜ਼ ਹਵਾਈ ਅੱਡੇ ਦੇ ਨੇੜੇ ਖਾਲੀ ਜ਼ਮੀਨ 'ਤੇ ਉਡਾਨ ਭਰਨ ਜਾਂ ਉੱਤਰਨ ਤੋਂ ਪਹਿਲਾਂ ਜਹਾਜ਼ ਦਾ ਟੌਇਲਟ ਟੈਂਕ ਖਾਲੀ ਕਰ ਦਿੰਦੀਆਂ ਸਨ। ਅਕਤੂਬਰ 2016 ਵਿੱਚ ਸਾਬਕਾ ਲੈਫ਼ਟੀਨੈਂਟ ਜਨਰਲ ਸਤਵੰਤ ਸਿੰਘ ਦਹੀਆ ਨੇ ਐਨਜੀਟੀ ਕੋਲ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਘਰ ਦੇ ਟੈਰਿਸ ਤੇ ਨੇੜੇ ਤੇੜੇ ਹਵਾਈ ਜਹਾਜ਼ਾਂ ਵੱਲੋਂ ਮਨੁੱਖੀ ਟੱਟੀ ਸੁੱਟੀ ਜਾਂਦੀ ਹੈ। ਐਨਜੀਟੀ ਨੇ ਪੜਤਾਲ ਕਰਵਾ ਕੇ 20 ਦਸੰਬਰ, 2016 ਨੂੰ ਡੀਜੀਸੀਏ ਨੂੰ ਹੁਕਮ ਜਾਰੀ ਕਰ ਦਿੱਤੇ ਸਨ, ਪਰ ਹਾਲੇ ਤਕ ਇਸ ਦੀ ਤਾਮੀਲ ਨਹੀਂ ਸੀ ਕੀਤੀ ਗਈ। ਹੁਣ, ਤਨਖ਼ਾਹ ਰੋਕਣ ਦੀ ਚੇਤਾਵਨੀ ਤੋਂ ਬਾਅਦ ਡੀਜੀਸੀਏ ਫੌਰਨ ਹਰਕਤ ਵਿੱਚ ਆਈ ਤੇ ਏਅਰਲਾਈਨਜ਼ ਨੂੰ ਅਜਿਹਾ ਨਾ ਕਰਨ ਦੇ ਹੁਕਮ ਜਾਰੀ ਕੀਤੇ।