ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਨੌਵੇਂ ਦਿਨ ਜਾਰੀ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ 'ਚ ਇਕ ਵਾਰ ਫਿਰ 16 ਪੈਸੇ ਦਾ ਵਾਧਾ ਹੋਇਆ ਜਦਕਿ ਡੀਜ਼ਲ 'ਚ ਰਿਕਾਰਡ ਤੋੜ 34 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ। ਨਵੀਆਂ ਕੀਮਤਾਂ ਮੁਤਾਬਕ ਪੈਟਰੋਲ ਦੀ ਕੀਮਤ 78 ਰੁਪਏ 84 ਪੈਸੇ ਹੋ ਗਈ ਹੈ ਜਦਕਿ ਡੀਜ਼ਲ 70 ਰੁਪਏ 76 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਪੈਟਰੋਲ-ਡੀਜ਼ਲ ਦੀ ਕੀਮਤਾਂ 'ਚ ਆਰਥਿਕ ਰਾਜਧਾਨੀ ਮੁੰਬਈ 'ਚ ਵੀ ਰਿਕਾਰਡ ਤੋੜ ਵਾਧਾ ਹੋਇਆ ਹੈ। ਮੁੰਬਈ 'ਚ ਪੈਟਰੋਲ 16 ਪੈਸੇ ਦੇ ਵਾਧੇ ਨਾਲ 86.25 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ ਹੈ ਜਦਕਿ ਡੀਜ਼ਲ 'ਚ 36 ਪੈਸੇ ਦੇ ਵਾਧੇ ਨਾਲ ਕੀਮਤ 75 ਰੁਪਏ 72 ਪੈਸੇ 'ਤੇ ਪਹੁੰਚ ਗਈ ਹੈ।

ਵਧਦੀਆਂ ਕੀਮਤਾਂ ਦੀ ਮਾਰ ਸੀਐਨਜੀ ਤੇ ਪੀਐਨਜੀ 'ਤੇ ਵੀ ਪਈ ਹੈ। ਦਿੱਲੀ 'ਚ ਸੀਐਨਜੀ ਦੀ ਕੀਮਤ 'ਚ ਸ਼ਨੀਵਾਰ ਨੂੰ ਪ੍ਰਤੀ ਕਿਲੋਗ੍ਰਾਮ 63 ਪੈਸੇ ਤੇ ਪਾਇਪਲਾਈਨ ਰਸੋਈ ਗੈਸ (ਪੀਐਨਜੀ) ਦੀ ਕੀਮਤ 'ਚ 1 ਰੁਪਇਆ 11 ਪੈਸੇ ਦਾ ਵਾਧਾ ਕੀਤਾ ਗਿਆ।

ਜਦੋਂ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਤੇ ਕਿਹਾ ਕਿ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦਾ ਹੱਲ੍ਹ ਅਸੀਂ ਕੱਢ ਲਵਾਂਗੇ। ਰੁਪਏ 'ਚ ਕਮਜ਼ੋਰੀ ਅੰਤਰ-ਰਾਸ਼ਟਰੀ ਬਜ਼ਾਰ ਦੀ ਵਜ੍ਹਾ ਨਾਲ ਹੈ। ਉਨ੍ਹਾਂ ਕਿਹਾ ਕਿ ਭਾਰਤ ਹੀ ਨਹੀਂ ਵਿਦੇਸ਼ੀ ਮੁਦਰਾ 'ਚ ਵੀ ਗਿਰਾਵਟ ਆਈ ਹੈ।