ਨਵੀਂ ਦਿੱਲੀ: ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੰਡੀਆ ਪੋਸਟ ਪੇਮੈਂਟ ਬੈਂਕ (IPPB) ਦੀ ਸ਼ੁਰੂਆਤ ਕੀਤੀ। ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਪੀਐਮ ਮੋਦੀ ਨੇ ਇੰਡੀਆ ਪੋਸਟ ਪੇਮੈਂਟ ਬੈਂਕ ਦਾ ਉਦਘਾਟਨ ਕੀਤਾ। ਇਸਦੇ ਨਾਲ ਹੀ IPPB ਦੀਆਂ 650 ਸ਼ਾਖਾਵਾਂ ਤੇ 3250 ਡਾਕਘਰ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ। ਪੋਸਟ ਪੇਮੈਂਟ ਬੈਂਕ ਜ਼ਰੀਏ ਡਾਕੀਏ ਘਰ-ਘਰ ਤਕ ਬੈਂਕਿੰਗ ਸੇਵਾਵਾਂ ਪਹੁੰਚਾਉਣ ਦਾ ਕੰਮ ਕਰਨਗੇ। ਇਸ ਵਿੱਚ ਲੋਕਾਂ ਨੂੰ ਜ਼ੀਰੋ ਬੈਲੇਂਸ ’ਤੇ ਤਿੰਨ ਤਰ੍ਹਾਂ ਦੇ ਸੇਵਿੰਗ ਖ਼ਾਤੇ ਖੁਲ੍ਹਵਾਉਣ ਦੀ ਸੁਵਿਧਾ ਮਿਲੇਗੀ।
ਇਸ ਭੁਗਤਾਨ ਬੈਂਕ ਵਿੱਚ ਭਾਰਤ ਸਰਕਾਰ ਦੀ 100 ਫੀਸਦੀ ਹਿੱਸੇਦਾਰੀ ਰਹੇਗੀ। IPPB ਆਪਣੇ ਖਾਤਾਧਾਰਕਾਂ ਨੂੰ ਪੇਮੈਂਟ ਬੈਂਕ ਦੇ ਨਾਲ-ਨਾਲ ਕਰੰਟ ਅਕਾਊਂਟ, ਮਨੀ ਟਰਾਂਸਫਰ, ਡਾਇਰੈਕਟ ਮਨੀ ਟਰਾਂਸਫਰ, ਬਿੱਲਾਂ ਦਾ ਭੁਗਤਾਨ ਆਦਿ ਸੁਵਿਧਾਵਾਂ ਵੀ ਮੁਹੱਈਆ ਕਰਾਏਗਾ। ਇਸ ਨਾਲ ਡਾਕ ਵਿਭਾਗ ਦੇ ਵਿਆਪਕ ਨੈਟਵਰਕ ਤੇ ਤਿੰਨ ਲੱਖ ਤੋਂ ਵੱਧ ਡਾਕੀਏ ਤੇ ਪੇਂਡੂ ਡਾਕ ਸੇਵਾਵਾਂ ਦਾ ਲਾਭ ਮਿਲੇਗਾ। ਦੇਸ਼ ਦੇ 1.55 ਲੱਖ ਡਾਕਘਰਾਂ ਨੂੰ 31 ਦਸੰਬਰ, 2018 ਤਕ IPPB ਪ੍ਰਣਾਲੀ ਨਾਲ ਜੋੜ ਲਿਆ ਜਾਏਗਾ।
ਜ਼ੀਰੋ ਬੈਲੇਂਸ ’ਤੇ ਤਿੰਨ ਤਰ੍ਹਾਂ ਦੇ ਸੇਵਿੰਗ ਖ਼ਾਤੇ ਖੋਲ੍ਹਣ ਤੋਂ ਇਲਾਵਾ ਪਿੰਡਾਂ ਤੇ ਗ਼ਰੀਬ ਲੋਕਾਂ ਨੂੰ ਸਿੱਧਾ ਘਰ ਤਕ ਬੈਕਿੰਗ ਸਹੂਲਤਾਂ ਦਾ ਲਾਭ ਮਿਲੇਗਾ। ਦੇਸ਼ ਭਰ ਵਿੱਚ ਇਸਦੇ ATM ਤੇ ਮਾਈਕਰੋ ATM ਵੀ ਕੰਮ ਕਰਨਗੇ। ਇਸਦੇ ਨਾਲ ਹੀ ਇਹ ਮੋਬੀਲ ਬੈਂਕਿੰਗ ਐਪ, SMS ਤੇ IVR ਵਰਗੀਆਂ ਸਹੂਲਤਾਂ ਜ਼ਰੀਏ ਵੀ ਲੋਕਾਂ ਤਕ ਬੈਂਕਿੰਗ ਸੇਵਾਵਾਂ ਮੁਹੱਈਆ ਕਰਾਏਗਾ।
ਉਦਘਾਟਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਇੰਡੀਆ ਪੋਸਟ ਪੇਮੈਂਟ ਬੈਂਕ ਦੇਸ਼ ਦੀ ਅਰਥਵਿਵਸਥਾ ਵਿੱਚ ਵੱਡਾ ਬਦਲਾਅ ਲੈ ਕੇ ਆਏਗਾ। ਦੇਸ਼ ਦੇ 650 ਜ਼ਿਲ੍ਹਿਆਂ ਤੇ 3250 ਡਾਕਘਰਾਂ ਵਿੱਚ ਇੰਡੀਆ ਪੋਸਟ ਪੇਮੈਂਟ ਬੈਂਕ ਸੇਵਾ ਸ਼ੁਰੂ ਹੋਣ ਨਾਲ ਆਮ ਆਦਮੀ ਨੂੰ ਭਰਪੂਰ ਲਾਹਾ ਮਿਲੇਗਾ। ਇਸ ਮੌਕੇ ਵੀ ਪੀਐਮ ਮੋਦੀ ਕਾਂਗਰਸ ’ਤੇ ਵਾਰ ਕਰਨੋਂ ਪਿੱਛੇ ਨਹੀਂ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਫੋਨ ਬੈਂਕਿੰਗ ਨੇ ਦੇਸ਼ ਦੀ ਅਰਥ ਵਿਵਸਥਾ ਦਾ ਨੁਕਸਾਨ ਕੀਤਾ। ਬੈਂਕਾਂ ਨੇ ਫੋਨ ’ਤੇ ਉਦਯੋਗਪਤੀਆਂ ਨੂੰ ਕਰੋੜਾਂ ਰੁਪਏ ਉਧਾਰ ਦਿੱਤੇ। ਉਨ੍ਹਾਂ ਕਿਹਾ ਕਿ ਨਾਮਦਾਰਾਂ ਦੇ ਇਸ਼ਾਰਿਆਂ ’ਤੇ ਦਿੱਤੇ ਕਰਜ਼ੇ ਦੀ ਪਾਈ-ਪਾਈ ਵਸੂਲੀ ਜਾਏਗੀ।