ਪਰਵੇਜ਼ ਸੰਧੂ


ਜਕਾਰਤਾ - ਏਸ਼ੀਆਡ 2018 ਵਿਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਸੁਨਹਿਰੀ ਅੱਖਰਾਂ ਵਿਚ ਦਰਜ ਹੋ ਗਿਆ ਹੈ। ਭਾਰਤ ਨੇ ਇਸ ਵਾਰ ਏਸ਼ੀਆਡ ਇਤਿਹਾਸ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਦਿਖਾਇਆ ਹੈ। ਏਸ਼ੀਆਡ 2018 'ਚ ਭਾਰਤ ਨੇ 15 ਗੋਲਡ, 24ਸਿਲਵਰ ਤੇ 30ਬਰੌਂਜ਼ ਤੇ ਕਬਜ਼ਾ ਕਰਕੇ ਕੁੱਲ 69 ਮੈਡਲ ਹਾਸਲ ਕੀਤੇ।


ਏਸ਼ਿਆਈ ਖੇਡਾਂ ਵਿਚ ਭਾਰਤ ਦਾ ਹੁਣ ਤਕ ਦਾ ਸਰਵੋਤਮ ਪ੍ਰਦਰਸ਼ਨ ਸਾਲ 2010 ਵਿਚ ਹੋਈਆਂ ਗੁਆਂਗਜੂ ਏਸ਼ੀਅਨ ਖੇਡਾਂ ਵਿਚ ਰਿਹਾ ਸੀ। ਉਸ ਮੌਕੇ ਭਾਰਤ ਮੈਡਲ ਟੇਬਲ ਦੇ 6ਵੇਂ ਸਥਾਨ 'ਤੇ ਰਿਹਾ ਸੀ ਉਸ ਮੌਕੇ ਭਾਰਤ ਨੇ ਕੁਲ 65 ਮੈਡਲ ਜਿੱਤੇ ਸਨ ਜਿਸ 'ਚ ਵਿਚ 14 ਗੋਲਡ ਮੈਡਲ, 17 ਸਿਲਵਰ ਮੈਡਲ ਅਤੇ 34 ਕਾਂਸੀ ਦੇ ਤਗਮੇ ਸ਼ਾਮਿਲ ਸਨ।


ਫੇਰ ਇੰਚੀਅਨ ਵਿਚ ਹੋਈਆਂ ਆਖਰੀ ਏਸ਼ੀਆਡ 2014 ਵਿਚ ਭਾਰਤ ਨੇ ਕੁਲ 57 ਮੈਡਲ ਜਿੱਤੇ ਸਨ ਜਿਸ ਵਿਚ 11 ਗੋਲਡ ਮੈਡਲ ਵੀ ਸ਼ਾਮਿਲ ਸੀ ਪਰ ਗੋਲਡ ਮੈਡਲਾਂ ਦੀ ਗਿਣਤੀ, ਇਰਾਨ, ਥਾਈਲੈਂਡ ਅਤੇ ਉੱਤਰੀ ਕੋਰੀਆ ਤੋਂ ਘੱਟ ਹੋਣ ਕਰਕੇ, ਭਾਰਤ ਮੈਡਲ ਟੇਬਲ ਦੇ 8ਵੇਂ ਸਥਾਨ 'ਤੇ ਰਿਹਾ ਸੀ।


ਇਸ ਵਾਰ ਜਕਾਰਤਾ ਅਤੇ ਪਾਲੇਮਬੈਂਗ ਵਿਚ ਹੋਈਆਂ ਏਸ਼ਿਆਈ ਖੇਡਾਂ ਵਿਚ ਭਾਰਤ ਦੇ ਕੁਲ 572 ਖਿਡਾਰੀ ਦਮ ਅਜਮਾਉਣ ਪਹੁੰਚੇ ਸਨ ਤੇ ਉਮੀਦ ਇਹੀ ਸੀ ਕਿ ਇਹ ਖਿਡਾਰੀ ਗੁਆਂਗਜੂ ਦੀਆਂ ਖੇਡਾਂ ਤੋਂ ਵੀ ਵਧੇਰੇ ਮੈਡਲ ਇਸ ਵਾਰ ਭਾਰਤ ਦੀ ਝੋਲੀ ਵਿਚ ਪਾਕੇ ਇਤਿਹਾਸ ਸਿਰਜਣਗੇ ਤੇ ਭਾਰਤੀ ਖਿਡਾਰੀ ਉਮੀਦਾਂ 'ਤੇ ਖਰੇ ਵੀ ਉੱਤਰੇ।


ਇੰਡੋਨੇਸ਼ੀਆ ਵਿਚ ਖੇਡੇ ਗਏ ਏਸ਼ੀਆਡ ਵਿਚ ਭਾਰਤ ਨੇ ਏਸ਼ੀਅਨ ਖੇਡਾਂ ਦੇ ਇਤਿਹਾਸ ਵਿਚ ਆਪਣਾ ਬੈਸਟ ਪ੍ਰਦਰਸ਼ਨ ਕਰਕੇ ਵਿਖਾਇਆ। ਇਸ ਵਾਰ ਭਾਰਤ ਦੀ ਮੈਡਲਾਂ ਦੀ ਗਿਣਤੀ 69 ਤਕ ਪਹੁੰਚੀ। ਭਾਰਤ ਦੇ ਖਾਤੇ ਵਿਚ 15 ਗੋਲਡ ਮੈਡਲ ਪਏ ਜੋ ਕਿ ਏਸ਼ੀਅਨ ਖੇਡਾਂ ਵਿਚ ਹੁਣ ਤਕ ਦੀ ਸਭ ਤੋਂ ਵੱਧ ਗੋਲਡ ਮੈਡਲਾਂ ਦੀ ਗਿਣਤੀ ਹੈ। 15 ਸੋਨ ਤਗਮਿਆਂ ਤੋਂ ਇਲਾਵਾ ਭਾਰਤੀ ਅਥਲੀਟਾਂ ਨੇ 24 ਸਿਲਵਰ ਮੈਡਲ ਤੇ 30 ਬਰੌਂਜ਼ ਮੈਡਲ ਵੀ ਜਿੱਤੇ।


ਮੈਡਲ ਟੇਬਲ 'ਤੇ ਭਾਰਤ 8ਵੇਂ ਸਥਾਨ 'ਤੇ ਰਿਹਾ। 289 ਮੈਡਲ ਜਿੱਤਣ ਵਾਲਾ ਚੀਨ ਚੋਟੀ 'ਤੇ ਰਿਹਾ। 204 ਮੈਡਲ ਜਿੱਤਣ ਵਾਲੇ ਜਾਪਾਨ ਨੂੰ ਦੂਜੇ ਸਥਾਨ ਹਾਸਿਲ ਹੋਇਆ, ਅਤੇ 176 ਮੈਡਲ ਜਿੱਤਣ ਵਾਲੇ ਕੋਰੀਆ ਨੂੰ ਤੀਜਾ ਸਥਾਨ ਹਾਸਿਲ ਹੋਇਆ।


ਭਾਰਤ ਨੂੰ ਖੇਡਾਂ ਵਿਚ ਚਾਹੇ 8ਵਾਂ ਸਥਾਨ ਹਾਸਿਲ ਹੋਇਆ, ਪਰ ਇਹ ਖੇਡਾਂ ਭਾਰਤੀ ਖੇਡ ਇਤਿਹਾਸ ਵਿਚ ਦਰਜ ਹੋ ਗਈਆਂ। ਤੇ ਜਦੋਂ ਵੀ ਭਾਰਤ ਦੇ ਏਸ਼ੀਆਡ ਦੇ ਪ੍ਰਦਰਸ਼ਨ ਦੀ ਗੱਲ ਹੋਊਗੀ, ਤਾਂ ਏਸ਼ੀਆਡ 2018 ਦਾ ਨਾਮ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ।