ਜੀਂਦ: ਚੌਧਰੀ ਦੇਵੀ ਲਾਲ ਦੀ ਸਿਆਸਤ ਦੀ ਵਿਰਾਸਤ ਨੂੰ ਉਨ੍ਹਾਂ ਦੀ ਦੂਜੀ ਪੀੜ੍ਹੀ ਸੰਭਾਲ ਨਾ ਸਕੀ ਅਤੇ ਆਖ਼ਰ ਚੌਟਾਲਾ ਭਰਾਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ। ਇੰਡੀਅਨ ਨੈਸ਼ਨਲ ਲੋਕ ਦਲ ਵਿੱਚੋਂ ਕੱਢੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਪੈਰੋਲ 'ਤੇ ਜੇਲ੍ਹ 'ਚੋਂ ਰਿਹਾਅ ਹੋਏ ਅਜੈ ਚੌਟਾਲਾ ਨੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ। ਉੱਧਰ ਵੱਡੇ ਭਰਾ ਦੇ ਇਸ ਐਲਾਨ 'ਤੇ ਅਭੈ ਚੌਟਾਲਾ ਨੇ ਕਿਹਾ ਕਿ ਇਨੈਲੋ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।


ਜੀਂਦ ਵਿੱਚ ਭਰਵੀਂ ਰੈਲੀ ਦੌਰਾਨ ਅਜੈ ਚੌਟਾਲਾ ਤੇ ਉਨ੍ਹਾਂ ਦੇ ਪੁੱਤਰ ਤੇ ਸੰਸਦ ਮੈਂਬਰ ਦੁਸ਼ਿਅੰਤ ਚੌਟਾਲਾ ਨੇ ਜੀਂਦ ਰੈਲੀ 'ਚ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਅਜੈ ਚੌਟਾਲਾ ਨੇ ਕਿਹਾ ਕਿ ਉਹ ਇਨੈਲੋ ਤੇ ਚਸ਼ਮਾ (ਪਾਰਟੀ ਦਾ ਚੋਣ ਨਿਸ਼ਾਨ-ਐਨਕਾਂ) ਛੋਟੇ ਭਰਾ ਨੂੰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਹ ਨਵੀਂ ਪਾਰਟੀ ਦੇ ਨਾਂਅ ਦਾ ਐਲਾਨ ਕਰ ਦੇਣਗੇ।

ਉੱਧਰ, ਚੰਡੀਗੜ੍ਹ 'ਚ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਪੁੱਤਰ ਅਭੈ ਚੌਟਾਲਾ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਹੁਣ ਇਨੈਲੋ ਨੂੰ ਅਜੈ ਚੌਟਾਲਾ ਦੀਆਂ ਕਾਰਵਾਈਆਂ ਨਾਲ ਕੋਈ ਫਰਕ ਨਹੀਂ ਪਵੇਗਾ।

ਜ਼ਿਕਰਯੋਗ ਹੈ ਕਿ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਵੱਡੇ ਪੁੱਤਰ ਅਤੇ ਸੰਸਦ ਮੈਂਬਰ ਪੋਤੇ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਇਨੈਲੋ 'ਚੋਂ ਕੱਢ ਦਿੱਤਾ ਸੀ। ਉੱਧਰ, ਅਜੈ ਦੇ ਪਰਿਵਾਰ ਨੇ ਅਭੈ ਚੌਟਾਲਾ 'ਤੇ ਪਾਰਟੀ ਨੂੰ ਮਨਮਰਜ਼ੀ ਨਾਲ ਚਲਾਉਣ ਅਤੇ ਉਨ੍ਹਾਂ ਦੀ ਅਣਦੇਖੀ ਕਰਨ ਦਾ ਇਲਜ਼ਾਮ ਲਾਏ ਹਨ। ਹੁਣ ਦੇਖਣਾ ਹੋਵੇਗਾ ਕਿ ਅਜੈ ਚੌਟਾਲਾ ਆਪਣੀ ਨਵੀਂ ਸਿਆਸੀ ਪਾਰੀ ਦਾ ਆਗ਼ਾਜ਼ ਕਿਵੇਂ ਕਰਦੇ ਹਨ ਤੇ ਇਸ ਨੂੰ ਅੰਜਾਮ ਤਕ ਕਿਵੇਂ ਪਹੁੰਚਾਉਂਦੇ ਹਨ।