ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਆਰਐਸਐਸ ‘ਤੇ ਬੈਨ ਲਾਉਣ ਦੀ ਮੰਗ ਕੀਤੀ ਹੈ। ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ  ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਘ ਦੇਸ਼ ਨੂੰ ਵੰਡਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਅੰਮ੍ਰਿਤਸਰ ‘ਚ ਕਿਹਾ, “ਆਰਐਸਐਸ ‘ਤੇ ਬੈਨ ਲੱਗਣਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਆਰਐਸਐਸ ਜੋ ਕੰਮ ਕਰ ਰਿਹਾ ਹੈ, ਉਹ ਦੇਸ਼ ‘ਚ ਵੰਡ ਪੈਦਾ ਕਰ ਰਿਹਾ ਹੈ। ਆਰਐਸਐਸ ਦੇ ਨੇਤਾਵਾਂ ਵੱਲੋਂ ਦਿੱਤੇ ਜਾ ਰਹੇ ਬਿਆਨ ਦੇਸ਼ ਦੇ ਹਿੱਤ ‘ਚ ਨਹੀਂ ਹਨ।”


ਉਨ੍ਹਾਂ ਨੇ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ, “ਇੱਥੇ ਸਿੱਖ, ਇਸਾਈ, ਯਹੂਦੀ ਤੇ ਪਾਰਸੀ ਵੀ ਰਹਿੰਦੇ ਹਨ। ਬਹੁਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਕਹਿਣਾ ਕਿ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ, ਇਹ ਗਲਤ ਹੈ। ਗਲਤ ਬਿਆਨ ਨਹੀਂ ਦਿੱਤੇ ਜਾਣੇ ਚਾਹੀਦੇ।”

ਦੱਸ ਦਈਏ ਕਿ ਆਰਐਸਐਸ ਮੁਖੀ ਮੋਹਨ ਭਾਗਵਤ ਨੇ ‘ਹਿੰਦੂ ਰਾਸ਼ਟਰ’ ਦੀ ਗੱਲ ਕਈ ਮੌਕਿਆਂ ‘ਤੇ ਕਹੀ ਹੈ। ਭਾਗਵਤ ਨੇ 12 ਅਕਤੂਬਰ ਨੂੰ ਕਿਹਾ ਸੀ, “ਯਹੁਦੀ ਮਾਰੇ-ਮਾਰੇ ਫਿਰਦੇ ਸੀ, ਭਾਰਤ ਇਕੱਲਾ ਦੇਸ਼ ਹੈ ਜਿੱਥੇ ਉਨ੍ਹਾਂ ਨੂੰ ਸਹਾਰਾ ਮਿਲਿਆ ਹੈ। ਪਾਰਸੀਆਂ ਦੀ ਪੂਜਾ ਉਨ੍ਹਾਂ ਦੇ ਧਰਮ ਸਣੇ ਸੁਰੱਖਿਆ ਸਿਰਫ ਭਾਰਤ ‘ਚ ਹੈ। ਦੁਨੀਆ ‘ਚ ਸਭ ਤੋਂ ਜ਼ਿਆਦਾ ਸੁਖੀ ਮੁਸਲਮਾਨ ਭਾਰਤ ‘ਚ ਹੀ ਮਿਲਣਗੇ। ਇਹ ਕਿਉਂਕਿ ਅਸੀਂ ਹਿੰਦੂ ਹਾਂ ਸਾਡਾ ਹਿੰਦੂ ਰਾਸ਼ਟਰ ਹੈ।”