ਨਵੀਂ ਦਿੱਲੀ: ਕਲਾਮ ਸਾਹਿਬ ਦਾ ਕਹਿਣਾ ਸੀ ਕਿ ਬਨਾਵਟੀ ਸੁਖ ਦੀ ਥਾਂ ਸਖ਼ਤ ਉਪਲਬੱਧੀਆਂ ਪਿੱਛੇ ਸਮਰਪਿਤ ਰਹੋ। ਇਹੀ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਮੂਲ ਮੰਤਰ ਵੀ ਸੀ। ਉਹ ਕਿਸੇ ਵੀ ਤਰ੍ਹਾਂ ਤੋਂ ਬਨਾਵਟੀ ਨਹੀਂ ਸੀ। ਉਹ ਤਾਂ ਬਸ ਖ਼ੁਆਬ ਵੇਖਦੇ ਸੀ ਤੇ ਉਸ ਨੂੰ ਪੂਰਾ ਕਰਨ ਲਈ ਜੀ ਤੋੜ ਮਿਹਨਤ ਕਰਦੇ ਸੀ। ਇਸੇ ਕਰਕੇ ਦੁਨੀਆ ਉਨ੍ਹਾਂ ਨੂੰ ‘ਮਿਸਾਈਲ ਮੈਨ’ ਦੇ ਤੌਰ ‘ਤੇ ਯਾਦ ਕਰਦੀ ਹੈ।
ਏਪੀਜੇ ਅਬਦੁਲ ਕਲਾਮ ਦੇ ਰਵੱਈਏ ਨੂੰ ਕਿਸੇ ਇੱਕ ਦਾਇਰੇ ‘ਚ ਸੀਮਤ ਨਹੀਂ ਕੀਤਾ ਜਾ ਸਕਦਾ। ਜ਼ਿੰਦਗੀ ਨੇ ਜਦੋਂ ਉਨ੍ਹਾਂ ਨੂੰ ਜੋ ਭੂਮਿਕਾ ਨਿਭਾਉਣ ਦਾ ਜ਼ਿੰਮਾ ਸੌਂਪਿਆ, ਉਹ ਉਨ੍ਹਾਂ ‘ਤੇ ਖਰੇ ਉੱਤਰੇ। ਉਹ ਦੇਸ਼ ਦੇ ਰਾਸ਼ਟਰਪਤੀ ਰਹੇ, ਇੱਕ ਮਹਾਨ ਵਿਚਾਰਕ ਰਹੇ, ਲੇਖਕ ਰਹੇ ਤੇ ਵਿਗਿਆਨੀ ਵੀ ਰਹੇ। ਹਰ ਖੇਤਰ ‘ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਕਲਾਮ ਦੀ ਜ਼ਿੰਦਗੀ ਦਾ ਸਾਰ ਹੈ ਖ਼ੁਆਬ ਦੇਖੋ, ਖ਼ੁਆਬ ਪੂਰੇ ਜ਼ਰੂਰ ਹੁੰਦੇ ਹਨ।
ਅੱਜ ਏਪੀਜੇ ਅੱਬਦੁਲ ਕਲਾਮ ਦਾ ਜਨਮ ਦਿਨ ਹੈ। ਅੱਜ ਹੀ ਦੇ ਦਿਨ ਸਾਲ 1931 ‘ਚ ਕਲਾਮ ਸਾਹਿਬ ਪੈਦਾ ਹੋਏ ਸੀ। ਅੱਜ ਬੇਸ਼ੱਕ ਅਸੀਂ ਉਨ੍ਹਾਂ ਨੂੰ ਇੱਕ ਵਧੀਆ ਅਧਿਆਪਕ, ਦੇਸ਼ ਦੇ ਸਭ ਤੋਂ ਵਧੀਆ ਰਾਸ਼ਟਰਪਤੀ, ਸ਼ਾਨਦਾਰ ਵਿਗਿਆਨੀ ਤੇ ਸਭ ਤੋਂ ਖਾਸ ਬਹਿਤਰੀਨ ਇਨਸਾਨ ਦੇ ਤੌਰ ‘ਤੇ ਯਾਦ ਕਰਦੇ ਹਾਂ ਪਰ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰ ਇੰਨਾ ਆਸਾਨ ਨਹੀਂ ਰਿਹਾ। ਜ਼ਿੰਦਗੀ ‘ਚ ਸੰਘਰਸ਼ ਕਰਦੇ ਹੋਏ, ਉਨ੍ਹਾਂ ਨੇ ਕਾਮਯਾਬੀ ਤਕ ਦਾ ਸਫਰ ਤੈਅ ਕੀਤਾ।
ਤਮਿਲਨਾਡੂ ‘ਚ ਜਨਮੇ ਅਬਦੁਲ ਨੇ ਜਦੋਂ ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ ਤਾਂ ਉਨ੍ਹਾਂ ਦੀ ਜਹਾਜ਼ ‘ਚ ਦਿਲਚਸਪੀ ਵਧਣ ਲੱਗੀ ਤੇ ਪਾਇਲਟ ਬਣਨ ਦਾ ਖਿਆਲ ਦਿਲ ਵਿੱਚ ਆਇਆ। ਜਦੋਂ ਉਨ੍ਹਾਂ ਨੇ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਖ਼ੁਆਬਾਂ ਨੂੰ ਤਰਜੀਹ ਦਿੱਤੀ ਤੇ ਏਅਰਫੋਰਸ ‘ਚ ਪਾਇਲਟ ਦਾ ਇੰਟਰਵਿਊ ਦੇਣ ਲਈ ਦੱਖਣੀ ਭਾਰਤ ਤੋਂ ਉੱਤਰੀ ਭਾਰਤ ਰਵਾਨਾ ਹੋਏ। ਇੰਟਰਵਿਊ ‘ਚ ਅੱਠ ਲੋਕਾਂ ਨੂੰ ਚੁਣਿਆ ਗਿਆ ਤੇ ਨੌਵਾਂ ਨੰਬਰ ਕਲਾਮ ਦਾ ਸੀ।
ਕਲਾਮ ਨੇ ਦਿੱਲੀ ਜਾ ਕੇ ਜਹਾਜ਼ ਬਣਾਉਣ ਦਾ ਕੰਮ ਕੀਤਾ। ਫੇਰ ਜਹਾਜ਼ ਬਣਾਉਣ ਦਾ ਕੇਂਦਰ ਬੰਗਲੁਰੂ ‘ਚ ਬਣਾਇਆ ਗਿਆ ਤੇ ਉਨ੍ਹਾਂ ਨੂੰ ਕੇਂਦਰ ‘ਚ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਵਦੇਸ਼ੀ ਹਾਵਰਕ੍ਰਾਫਟ ਬਣਾਉਣ ਦੀ ਜ਼ਿੰਮਵਾਰੀ ਦਿੱਤੀ ਗਈ ਜੋ ਕਾਫੀ ਮੁਸ਼ਕਲ ਮੰਨੀ ਜਾਂਦੀ ਸੀ ਪਰ ਕਲਾਮ ਨੇ ਇਹ ਕੰਮ ਕਰ ਦਿਖਾਇਆ। ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਹਾਵਰਕ੍ਰਾਫਟ ‘ਚ ਪਹਿਲੀ ਉਡਾਣ ਭਰੀ।
ਰੱਖਿਆ ਮੰਤਰੀ ਕਿਸ਼ਨਮੈਨਨ ਨੇ ਕਲਾਮ ਦੀ ਖੂਬ ਤਾਰੀਫ ਕੀਤੀ ਤੇ ਕਿਹਾ ਕਿ ਇਸ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਜਹਾਜ਼ ਤਿਆਰ ਕਰੋ। ਇਸ ਤੋਂ ਬਾਅਦ ਕਲਾਮ ਨੇ ‘ਇੰਡੀਅਨ ਕਮੇਟੀ ਫਾਰ ਸਪੇਸ ਰਿਸਰਚ’ ਦਾ ਇੰਟਰਵਿਊ ਦਿੱਤਾ ਜਿੱਥੇ ਉਨ੍ਹਾਂ ਨੂੰ ਚੁਣ ਲਿਆ ਗਿਆ। ਉਨ੍ਹਾਂ ਨੂੰ ਰਾਕੇਟ ਇੰਜਨੀਅਰ ਦੇ ਅਹੁਦੇ ਲਈ ਚੁਣਿਆ ਗਿਆ। ਜਿੱਥੇ ਉਨ੍ਹਾਂ ਵੱਲੋਂ ਵੇਖੇ ਖ਼ੁਆਬਾਂ ਨੂੰ ਖੰਭ ਮਿਲੇ। ਉਨ੍ਹਾਂ ਨੂੰ ਨਾਸਾ ਭੇਜਿਆ ਗਿਆ। ਨਾਸਾ ਤੋਂ ਵਾਪਸੀ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਦੇ ਪਹਿਲੇ ਰਾਕੇਟ ਨੂੰ ਅਸਮਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਮਿਲੀ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਉਪਗ੍ਰਹਿ ‘ਨਾਈਕ ਅਪਾਚੀ’ ਨੂੰ ਉਡਾਣ ਦਿੱਤੀ ਸੀ। ਰੋਹਿਣੀ ਰਾਕੇਟ ਨੇ ਉਡਾਣ ਭਰੀ ਤੇ ਸਵਦੇਸ਼ੀ ਰਾਕੇਟ ਦੇ ਦਮ ‘ਤੇ ਭਾਰਤ ਦੀ ਪਛਾਣ ਪੂਰੀ ਦੁਨੀਆ ‘ਚ ਬਣ ਗਈ।
ਇਸ ਤੋਂ ਬਾਅਦ ਕਲਾਮ ਦੀ ਪਛਾਣ ਪੂਰੀ ਦੁਨੀਆ ਨੂੰ ਹੋ ਗਈ। ਉਨ੍ਹਾਂ ਨੇ ਆਪਣੀ ਮਿਹਨਤ ਤੇ ਸਾਧਾਰਨ ਸਾਦਗੀ ਭਰੀ ਜ਼ਿੰਦਗੀ ਚੁਣੀ। ਉਨ੍ਹਾਂ ਦੀ ਸਾਦਗੀ ਕਿਸੇ ਵੀ ਬਾਹਰੀ ਚਮਕ ਦਮਕ ਦੀ ਮੋਹਤਾਜ਼ ਨਹੀਂ ਰਹੀ।
ਅਬਦੁਲ ਕਲਾਮ ਨੇ ਸਿਖਾਇਆ ਲੋਕਾਂ ਨੂੰ ਖ਼ੁਆਬ ਵੇਖਣਾ ਤੇ ਉਨ੍ਹਾਂ ਨੂੰ ਪੂਰਾ ਕਰਨਾ
ਏਬੀਪੀ ਸਾਂਝਾ
Updated at:
15 Oct 2019 11:46 AM (IST)
ਕਲਾਮ ਸਾਹਿਬ ਦਾ ਕਹਿਣਾ ਸੀ ਕਿ ਬਨਾਵਟੀ ਸੁਖ ਦੀ ਥਾਂ ਸਖ਼ਤ ਉਪਲਬੱਧੀਆਂ ਪਿੱਛੇ ਸਮਰਪਿਤ ਰਹੋ। ਇਹੀ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਮੂਲ ਮੰਤਰ ਵੀ ਸੀ। ਉਹ ਕਿਸੇ ਵੀ ਤਰ੍ਹਾਂ ਤੋਂ ਬਨਾਵਟੀ ਨਹੀਂ ਸੀ। ਉਹ ਤਾਂ ਬਸ ਖ਼ੁਆਬ ਵੇਖਦੇ ਸੀ ਤੇ ਉਸ ਨੂੰ ਪੂਰਾ ਕਰਨ ਲਈ ਜੀ ਤੋੜ ਮਿਹਨਤ ਕਰਦੇ ਸੀ।
- - - - - - - - - Advertisement - - - - - - - - -