ਚੰਡੀਗੜ੍ਹ: 'ਸੈਕਰੇਡ ਗੇਮਜ਼-2' 'ਚ ਇੱਕ ਸੀਨ ਨੂੰ ਲੈ ਕੇ ਅਕਾਲੀ ਦਲ ਦੇ ਲੀਡਰ ਮਨਜਿੰਦਰ ਸਿਰਸਾ ਨੇ ਸ਼ੋਅ ਦੇ ਨਿਰਮਾਤਾ ਅਨੁਰਾਗ ਕਸ਼ਿਅਪ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤੀ ਗਈ ਤਾਂ ਉਹ ਉਨ੍ਹਾਂ ਨੂੰ ਜੇਲ੍ਹ ਡੱਕਣਗੇ। ਸਿਰਸਾ ਨੇ ਵੈੱਬ ਸੀਰੀਜ਼ ਦੇ ਇੱਕ ਸੀਨ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਸ ਸੀਨ ਵਿੱਚ ਸਰਤਾਜ ਸਿੰਘ ਦਾ ਕਿਰਦਾਰ ਨਿਭਾਅ ਰਹੇ ਸੈਫ ਅਲੀ ਖਾਨ ਨੇ ਆਪਣਾ ਕੜਾ ਲਾਹ ਕੇ ਸੁੱਟ ਦਿੱਤਾ।




ਸਿਰਸਾ ਨੇ ਟਵਿੱਟਰ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਸੈਕਰਡ ਗੇਮਜ਼-2 ਦੀ ਇਸ ਕਲਿੱਪ ਬਾਰੇ ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋਂ ਇੱਕ ਕੜਾ ਦੇ ਅਪਮਾਨ ਬਾਰੇ ਦੱਸ ਰਹੇ ਹੈ। ਉਨ੍ਹਾਂ ਕਿਹਾ ਕਿ ਆਪਣੇ ਪ੍ਰੋਜੈਕਟ ਵਿੱਚ ਸਿਰਫ ਸਨਸਨੀ ਫੈਲਾਉਣ ਤੇ ਮਨੋਰੰਜਨ ਲਈ ਸਿੱਖਾਂ ਦਾ ਨਾਂਹ ਪੱਖੀ ਕਿਰਦਾਰ ਪੇਸ਼ ਕਰਨ ਤੋਂ ਪਹਿਲਾਂ ਅਨੁਰਾਗ ਕਸ਼ਿਅਪ ਨੂੰ ਘੱਟੋ-ਘੱਟ ਹਿੰਦੂ ਤੇ ਸਿੱਖ ਧਰਮਾਂ ਬਾਰੇ ਪੜ੍ਹਨਾ ਚਾਹੀਦਾ ਹੈ।




ਸਿਰਸਾ ਨੇ ਵੀਡੀਓ ਪੋਸਟ ਕਰਨ ਤੋਂ ਬਾਅਦ ਅਨੁਰਾਗ ਕਸ਼ਿਅਪ ਖਿਲਾਫ ਦਰਜ ਕੀਤੀ ਸ਼ਿਕਾਇਤ ਦੀ ਕਾਪੀ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਸਿਰਸਾ ਨੇ ਦਿੱਲੀ ਦੇ ਡੀਸੀਪੀ ਤੋਂ ਅਨੁਰਾਗ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ, ਜਿਸ ਵਿੱਚ ਆਈਪੀਸੀ ਦੀ ਧਾਰਾ 153 ਏ, 295 ਏ, 298 ਤੇ ਆਈਟੀ ਐਕਟ ਦੇ ਅਧਾਰ 'ਤੇ ਲਾਈਆਂ ਧਾਰਾਵਾਂ ਦੇ ਅਧਾਰ 'ਤੇ ਐਫਆਈਆਰ ਦਰਜ ਕਰਨ ਦੀ ਸ਼ਿਕਾਇਤ ਕੀਤੀ ਹੈ।