ਵਾਸ਼ਿੰਗਟਨ: ਜੰਮੂ ਕਸ਼ਮੀਰ ਦੇ ਮਸਲੇ 'ਤੇ ਵਿਚੋਲਗੀ ਦੇ ਸਬੰਧ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਆਏ ਦਿਨ ਨਵੇਂ ਬਿਆਨ ਸਾਹਮਣੇ ਆ ਰਹੇ ਹਨ। ਡੋਨਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਤੇ ਪਾਕਿਸਤਾਨ ਵਿੱਚ ਵਿਚੋਲਗੀ ਦੀ ਇੱਛਾ ਜ਼ਾਹਰ ਕੀਤੀ ਹੈ। ਇਸ ਪੇਸ਼ਕਸ਼ ਦੇ ਚੱਲਦਿਆਂ ਹੁਣ ਉਨ੍ਹਾਂ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਧਰਮ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ ਤੇ ਇਹ ਮੁੱਦਾ ਹਿੰਦੂ ਤੇ ਮੁਸਲਮਾਨ ਦਰਮਿਆਨ ਹੈ।


ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਉਠਾਉਣਗੇ। ਅਮਰੀਕਾ ਨੇ ਪ੍ਰਧਾਨ ਮੰਤਰੀ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਸ਼ਮੀਰ ਵਿੱਚ ਤਣਾਅ ਘੱਟ ਕਰਨ ਲਈ ਕਦਮ ਚੁੱਕਣ ਦੀ ਬੇਨਤੀ ਕੀਤੀ ਸੀ। ਟਰੰਪ ਨੇ ਕਿਹਾ, 'ਕਸ਼ਮੀਰ ਬਹੁਤ ਗੁੰਝਲਦਾਰ ਜਗ੍ਹਾ ਹੈ। ਇੱਥੇ ਮੁਸਲਮਾਨਾਂ ਦੇ ਨਾਲ-ਨਾਲ ਹਿੰਦੂ ਵੀ ਹਨ ਤੇ ਮੈਂ ਇਹ ਨਹੀਂ ਕਹਾਂਗਾ ਕਿ ਉਨ੍ਹਾਂ ਵਿਚਾਲੇ ਬਹੁਤ ਜ਼ਿਆਦਾ ਮੇਲਜੋਲ ਹੈ। ਵਿਚੋਲਗੀ ਲਈ ਜੋ ਵੀ ਬਿਹਤਰ ਹੋ ਸਕੇਗਾ, ਮੈਂ ਉਹ ਸਭ ਕਰਾਂਗਾ।'


ਕੱਲ੍ਹ ਡੋਨਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੂੰ ਕਸ਼ਮੀਰ ਮਾਮਲੇ ਵਿੱਚ ਖਿੱਤੇ ਵਿੱਚ ਤਣਾਅ ਘੱਟ ਕਰਨ ਦੀ ਅਪੀਲ ਕੀਤੀ ਸੀ। ਟਰੰਪ ਨੇ ਟਵੀਟ ਕਰਕੇ ਕਸ਼ਮੀਰ ਦੀ ਸਥਿਤੀ ਨੂੰ ‘ਗੰਭੀਰ’ ਦੱਸਿਆ ਸੀ। ਉਨ੍ਹਾਂ 19 ਅਗਸਤ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਭਾਰਤ ਵਿਰੁੱਧ ਸੰਭਲ ਕੇ ਬਿਆਨ ਦੇਣ ਲਈ ਕਿਹਾ ਸੀ।