ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਬੀਜੇਪੀ ਵੱਲੋਂ ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਵਿਧਾਇਕ ਬਲਕੌਰ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਜਿਸ ਤੋਂ ਬਾਅਦ ਸੂਬੇ ਦੀ ਸਿਆਸਤ ਭਖ ਗਈ ਹੈ। ਹੁਣ ਇਸ ਬਾਰੇ ਸਵਾਲ ਖੜੇ ਹੋ ਰਹੇ ਹਨ ਕਿ ਕੀ 2022 ਵਿੱਚ ਹੋਣ ਵਾਲੀ ਪੰਜਾਬ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਵੀ ਅਕਾਲੀ-ਬੀਜੇਪੀ ਇਕੱਠੀਆਂ ਲੜਨਗੀਆਂ? ਇਹ ਇਸ ਲਈ ਵੀ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਪੰਜਾਬ ਬੀਜੇਪੀ ਲੀਡਰਾਂ ਵੱਲੋਂ ਗੱਠਜੋੜ ਨੂੰ ਲੈ ਕੇ ਕਾਫੀ ਬਿਆਨਬਾਜ਼ੀ ਕੀਤੀ ਗਈ ਸੀ। ਦੂਜੇ ਪਾਸੇ ਚਰਚਾ ਇਹ ਵੀ ਕੀਤੀ ਜਾ ਰਹੀ ਹੈ ਕਿ 2022 ਵਿੱਚ ਗਠਜੋੜ ਦੀ ਗੰਢ ਖੁੱਲ੍ਹ ਸਕਦੀ ਹੈ।
ਇਸ ਦੇ ਨਾਲ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਇਕੱਲੇ ਹੀ ਚੋਣ ਲੜੇਗਾ। ਇਸਦਾ ਪੰਜਾਬ ‘ਤੇ ਵੀ ਸਿੱਧਾ ਅਸਰ ਪੈਣ ਦੇ ਆਸਾਰ ਹਨ। ਦੇਸ਼ ਭਰ ਵਿੱਚ ਬੀਜੇਪੀ ਵੱਲੋਂ ਚਲਾਈ ਜਾ ਰਹੀ ਮੈਂਬਰਸ਼ਿਪ ਮੁਹਿੰਮ ਤੋਂ ਬਾਅਦ ਪੰਜਾਬ ਵਿੱਚ ਬੀਜੇਪੀ ਦੀ ਵੱਧ ਰਹੀ ਲੋਕਪ੍ਰਿਅਤਾ ਕਾਰਨ ਅਕਾਲੀ ਦਲ ਨੂੰ ਪਹਿਲਾਂ ਹੀ ਝਟਕਾ ਲੱਗਿਆ ਹੈ, ਕਿਉਂਕਿ ਪੰਜਾਬ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਬੀਜੇਪੀ ਪੰਜਾਬ ਵਿੱਚ ਇੱਕ ਵੱਡੀ ਪਾਰਟੀ ਵਜੋਂ ਉੱਭਰੇਗੀ ਅਤੇ 2022 ਵਿੱਚ ਗਠਜੋੜ ਨੂੰ ਸਥਿਤੀ ਦੇ ਮੱਦੇਨਜ਼ਰ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਸੁਖਬੀਰ ਨੇ ਕਿਹਾ ਸੀ ਕਿ ਉਹ ਜਲਦੀ ਹੀ ਬੀਜੇਪੀ ਹਾਈ ਕਮਾਨ ਨਾਲ ਗੱਲਬਾਤ ਕਰਨਗੇ। ਹੁਣ ਜਾਪ ਰਿਹਾ ਹੈ ਕਿ ਸੁਖਬੀਰ ਬਾਦਲ ਜਲਦ ਹੀ ਕੋਈ ਠੋਸ ਕਦਮ ਚੁੱਕ ਸਕਦੇ ਹਨ।
ਹਰਿਆਣਾ ਬੀਜੇਪੀ ਦੇ ਪ੍ਰਧਾਨ ਸੁਭਾਸ਼ ਬਰਾਲਾ ਨੇ ਕਿਹਾ ਕਿ ਹਰਿਆਣਾ ਵਿੱਚ ਅਕਾਲੀ ਦਲ-ਬੀਜੇਪੀ ਗਠਜੋੜ ਸਿਰਫਨਾਂ ਦਾ ਹੀ ਗਠਜੋੜ ਸੀ। ਹੁਣ ਜੇ ਅਕਾਲੀ ਦਲ ਵੱਖ ਹੋ ਕੇ ਸੂਬੇ ਵਿੱਚ ਚੋਣਾਂ ਲੜਦਾ ਹੈ ਤਾਂ ਬੀਜੇਪੀ ਨੂੰ ਕੋਈ ਫਰਕ ਨਹੀਂ ਪਏਗਾ। ਉੱਧਰ ਪੰਜਾਬ ਬੀਜੇਪੀ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਹਰਿਆਣਾ ਦੇ ਫੈਸਲੇ ਦਾ ਪੰਜਾਬ ਵਿੱਚ ਅਕਾਲੀ ਦਲ ਤੇ ਬੀਜੇਪੀ ਗੱਠਜੋੜ 'ਤੇ ਕੋਈ ਅਸਰ ਨਹੀਂ ਪਏਗਾ। ਉਨ੍ਹਾਂ ਕਿਹਾ ਕਿ ਉਹ ਹਰਿਆਣਾ ਵਿੱਚ ਗੱਠਜੋੜ ਬਾਰੇ ਬਿਆਨਬਾਜ਼ੀ ਨਹੀਂ ਕਰਨਾ ਚਾਹੁੰਦੇ। ਸੂਬੇ ਵਿੱਚ ਸੀਟਾਂ ਦੀ ਅਲਾਟਮੈਂਟ ਨੂੰ ਲੈ ਕੇ ਜੋ ਗੱਲਬਾਤ ਹੋਏਗੀ, ਉਹ 2022 ਵਿੱਚ ਹੋਵੇਗੀ
ਕਈ ਅਕਾਲੀ ਆਗੂ ਕਹਿੰਦੇ ਹਨ ਕਿ ਜੇ ਬੀਜੇਪੀ ਨੇ ਹਰਿਆਣਾ ਵਿੱਚ ਧੋਖਾ ਕੀਤਾ ਹੈ ਤਾਂ ਸਾਨੂੰ ਵੀ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਪਾਰਟੀ ਨੂੰ ਨੁਕਸਾਨ ਨਾ ਪਹੁੰਚੇ। ਇਸ ਦੇ ਨਾਲ ਹੀ, ਕੇਂਦਰ ਦੀ ਐਨਡੀਏ ਸਰਕਾਰ ਵਿੱਚ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਪਾਰਟੀ ਪਹਿਲਾਂ ਹੈ ਤੇ ਅਹੁਦਾ ਬਾਅਦ ਵਿੱਚ ਹੈ।