ਨਵੀਂ ਦਿੱਲੀ: ਇੰਡੀਅਨ ਨੇਵੀ ਦੀ ਤਾਕਤ ਹੋਰ ਵਧ ਗਈ ਹੈ। ਕਲਾਵਾਰੀ ਕਲਾਸ ਦੀ ਸਬਮਰੀਨ, ਯਾਨੀ ਪਣਡੁੱਬੀ INS ਖੰਡੇਰੀ ਨੂੰ ਭਾਰਤੀ ਨੇਵੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਨੇਵੀ ਦੀ ਤਾਕਤ ਵਧਾਉਣ ਲਈ ਆਈਐਨਐਸ ਖੰਡੇਰੀ ਨੂੰ 19 ਸਤੰਬਰ ਨੂੰ ਜਲ ਸੈਨਾ ਦੇ ਹਵਾਲੇ ਕਰ ਦਿੱਤਾ ਗਿਆ ਸੀ।


ਸ਼ਨੀਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਖ਼ੁਦ ਮੁੰਬਈ ਵਿੱਚ ਇਸ ਦੀ ਕਮਿਸ਼ਨਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਹੁਣ ਦੁਸ਼ਮਣ ਨੂੰ ਵੱਡਾ ਝਟਕਾ ਦੇਣ ਦੇ ਸਮਰੱਥ ਹਾਂ। ਰਾਜਨਾਥ ਸਿੰਘ ਨੇ ਕਿਹਾ, 'ਪਾਕਿਸਤਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਈਐਨਐਸ ਖੰਡੇਰੀ ਦੇ ਜ਼ਰੀਏ, ਜੇ ਲੋੜ ਪਈ ਤਾਂ ਅਸੀਂ ਪਾਕਿਸਤਾਨ ਦੇ ਹਮਲੇ ਦਾ ਜਵਾਬ ਦੇਣ ਦੇ ਯੋਗ ਹਾਂ।'




ਦੱਸ ਦਈਏ ਆਈਐਨਐਸ ਖੰਡੇਰੀ ਭਾਰਤ ਦੀ ਦੂਜੀ ਸਕਾਰਪੀਅਨ ਵਰਗ ਦੀ ਮਾਰਕ ਪਣਡੁੱਬੀ ਹੈ, ਜਿਸ ਨੂੰ ਪੀ-17 ਸ਼ਿਵਾਲਿਕ ਵਰਗ ਦੇ ਜੰਗੀ ਬੇੜੇ ਦੇ ਨਾਲ-ਨਾਲ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ। ਇਹ ਪਣਡੁੱਬੀ 67.5 ਮੀਟਰ ਲੰਬੀ, 12.3 ਮੀਟਰ ਉੱਚੀ ਅਤੇ 1565 ਟਨ ਭਾਰੀ ਹੈ। ਇਸ ਵਿੱਚ ਲਗਪਗ 11 ਕਿਲੋਮੀਟਰ ਲੰਮੀ ਪਾਈਪ ਫਿਟਿੰਗਸ ਤੇ ਲਗਪਗ 60 ਕਿਲੋਮੀਟਰ ਦੀ ਕੇਬਲ ਫਿਟਿੰਗ ਕੀਤੀ ਗਈ ਹੈ।




ਵਿਸ਼ੇਸ਼ ਸਟੀਲ ਨਾਲ ਬਣੀ ਪਣਡੁੱਬੀ ਵਿੱਚ ਹਾਈ ਟੈਂਸਾਈਲ ਸਟ੍ਰੈਂਥ ਹੈ, ਜੋ ਡੂੰਘਾਈ 'ਤੇ ਜਾ ਕੇ ਕੰਮ ਕਰਨ ਦੇ ਸਮਰੱਥ ਹੈ। ਖੰਡੇਰੀ ਪਣਡੁੱਬੀ 45 ਦਿਨਾਂ ਤੱਕ ਪਾਣੀ ਵਿੱਚ ਰਹਿ ਸਕਦੀ ਹੈ। ਸਟੀਲਥ ਤਕਨਾਲੋਜੀ ਨਾਲ ਇਹ ਰਡਾਰ ਦੀ ਪਕੜ ਵਿੱਚ ਨਹੀਂ ਆਉਂਦੀ ਤੇ ਕਿਸੇ ਵੀ ਮੌਸਮ ਵਿੱਚ ਕੰਮ ਕਰ ਸਕਦੀ ਹੈ। ਇਸ ਵਿੱਚ 360 ਬੈਟਰੀ ਸੈਲ ਹਨ। ਹਰੇਕ ਬੈਟਰੀ ਸੈਲ ਦਾ ਵਜ਼ਨ 750 ਕਿੱਲੋ ਦੇ ਕਰੀਬ ਹੈ। ਇਸ ਵਿੱਚ 1250 ਕੇਡਬਲਿਊ ਡੀਜ਼ਲ ਇੰਜਣ ਹਨ।