ਨਵੀਂ ਦਿੱਲੀ: ਜੰਮੂ 'ਚ ਸੁਰੱਖਿਆ ਬਲਾਂ ਤੇ ਮਿਲਟਰੀ ਇੰਟੈਲੀਜੈਂਸ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਵੱਡੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਅੱਤਵਾਦੀ ਸੰਗਠਨ ਨਾਲ ਜੁੜੇ 8 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਅਨੁਸਾਰ ਇਨ੍ਹਾਂ ਵਿੱਚੋਂ ਤਿੰਨ ਵਿਅਕਤੀ ਪਾਕਿਸਤਾਨ ਤੋਂ ਜੈਸ਼-ਏ-ਮੁਹੰਮਦ ਤੋਂ ਪ੍ਰਾਪਤ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਇਕ ਸ਼ੱਕੀ ਇਮਤਿਆਜ਼ ਪਾਕਿਸਤਾਨ ਵਿੱਚ ਬੈਠੇ ਆਪਣੇ ਚਾਚੇ ਤੇ ਜੈਸ਼-ਏ-ਮੁਹੰਮਦ ਦੇ ਕਮਾਂਡਰ ਆਸ਼ਿਕ ਹੁਸੈਨ ਨੇਗਰੂ ਦੇ ਸੰਪਰਕ ਵਿੱਚ ਸੀ ਤੇ ਨਿਰੰਤਰ ਨਿਰਦੇਸ਼ ਲੈ ਰਿਹਾ ਸੀ।


ਵੀਰਵਾਰ ਨੂੰ ਜੰਮੂ ਪੁਲਿਸ ਤੇ ਮਿਲਟਰੀ ਇੰਟੈਲੀਜੈਂਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਅੱਠ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਫੜੇ ਗਏ ਲੋਕਾਂ ਵਿੱਚੋਂ ਤਿੰਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਸਿੱਧੇ ਸਬੰਧ ਸਨ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੇ ਗ੍ਰਿਫਤਾਰ 8 ਸ਼ੱਕੀਆਂ ਵਿਚੋਂ ਤਿੰਨ- ਇਮਤਿਆਜ਼, ਸੱਜਾਦ ਅਹਿਮਦ ਡਾਰ ਤੇ ਮੇਹਰੂਫ ਅਹਿਮਦ ਡਿੰਗੂ ਦੇ ਸਬੰਧ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਨਿਕਲੇ। ਇਹ ਤਿੰਨੋਂ ਟਰੱਕ ਡਰਾਈਵਰ ਹਨ।


ਇਮਤਿਆਜ਼ ਪਾਕਿਸਤਾਨ ਵਿੱਚ ਬੈਠੇ ਆਪਣੇ ਚਾਚੇ ਤੇ ਜੈਸ਼-ਏ-ਮੁਹੰਮਦ ਦੇ ਕਮਾਂਡਰ ਆਸ਼ਿਕ ਹੁਸੈਨ ਨੇਗਰੂ ਨਾਲ ਨਿਰੰਤਰ ਸੰਪਰਕ ਵਿੱਚ ਸੀ। ਇਮਤਿਆਜ਼ ਨੇ ਪੁੱਛਗਿੱਛ ਵਿੱਚ ਇਕਬਾਲ ਕੀਤਾ ਕਿ ਉਹ ਪਾਕਿਸਤਾਨ ਤੋਂ ਆਪਣੇ ਚਾਚੇ ਨਾਲ ਵ੍ਹੱਟਸਐਪ ਨੰਬਰ 923095890118 'ਤੇ ਗੱਲ ਕਰਦਾ ਸੀ ਤੇ ਗੱਲ ਕਰਨ ਲਈ ਉਹ ਪਠਾਨਕੋਟ ਤਕ ਵੀ ਜਾਂਦਾ ਰਿਹਾ ਹੈ। ਸੁਰੱਖਿਆ ਬਲਾਂ ਨੇ ਇਮਤਿਆਜ਼ ਤੋਂ ਪੁੱਛਗਿੱਛ ਬਾਅਦ ਜੰਮੂ ਦੇ ਰਾਮਬਨ ਤੋਂ ਸੱਜਦ ਅਹਿਮਦ ਡਾਰ ਨੂੰ ਵੀ ਉਸ ਦੇ ਟਰੱਕ ਵਿੱਚੋਂ ਗ੍ਰਿਫ਼ਤਾਰ ਕਰ ਲਿਆ।


ਸੂਤਰਾਂ ਮੁਤਾਬਕ ਸੁਰੱਖਿਆ ਬਲਾਂ ਨੂੰ ਸ਼ੱਕ ਹੈ ਕਿ ਆਸ਼ਿਕ ਹੁਸੈਨ, ਕਸ਼ਮੀਰ ਦੇ ਸਰਗਰਮ ਅੱਤਵਾਦੀ ਸੰਗਠਨਾਂ ਨੂੰ ਦੇਸ਼ ਦੇ ਹੋਰਾਂ ਹਿੱਸਿਆਂ ਤੋਂ ਹਥਿਆਰ ਲੈਣ ਦਾ ਕੰਮ ਕਰਦਾ ਹੈ। ਇਸ ਦੇ ਲਈ ਉਹ ਪੰਜਾਬ ਵਿੱਚ ਅੱਤਵਾਦੀਆਂ ਦੇ ਮਦਦਗਾਰਾਂ ਦੀ ਸਹਾਇਤਾ ਲੈਂਦਾ ਹੈ ਤੇ ਕਸ਼ਮੀਰ ਵਿੱਚ ਟਰੱਕਾਂ ਵਾਲਿਆਂ ਨੂੰ ਵੱਡੀ ਰਕਮ ਦੇ ਕੇ ਹਥਿਆਰ ਪਹੁੰਚਾਉਣ ਦਾ ਕੰਮ ਕਰਦਾ ਹੈ। ਸੁਰੱਖਿਆ ਬਲਾਂ ਦਾ ਦਾਅਵਾ ਹੈ ਕਿ 12 ਸਤੰਬਰ 2019 ਨੂੰ, ਜੰਮੂ ਦੇ ਜ਼ਿਲ੍ਹਾ ਕਠੁਆ ਵਿੱਚ ਹਥਿਆਰ ਲੈ ਕੇ ਜਾ ਰਹੇ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਅੱਤਵਾਦੀਆਂ ਕੋਲੋਂ 4 ਏਕੇ 56, 2 ਏਕੇ 47, 6 ਮੈਗਜ਼ੀਨ ਤੇ 180 ਕਾਰਤੂਸ ਮਿਲੇ ਸੀ।


ਸੁਰੱਖਿਆ ਏਜੰਸੀਆਂ ਵੱਲੋਂ ਕੀਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕਠੂਆ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨ ਅੱਤਵਾਦੀਆਂ-ਉਬੇਦ ਉਲ ਇਸਲਾਮ, ਜਹਾਂਗੀਰ ਅਹਿਮਦ ਤੇ ਸਬੀਲ ਅਹਿਮਦ ਵਿੱਚੋਂ ਉਬੇਦ ਉਲ ਇਸਲਾਮ ਦੇ ਵੀ ਆਸ਼ਿਕ ਹੁਸੈਨ ਨਾਲ ਸੰਪਰਕ ਸਨ। ਸੂਤਰਾਂ ਮੁਤਾਬਕ ਆਸ਼ਿਕ ਹੁਸੈਨ ਆਪਣੇ ਪਾਕਿਸਤਾਨੀ ਵਟਸਐਪ ਨੰਬਰ 923095890119 ਤੋਂ ਉਬੈਦ ਉਲ ਇਸਲਾਮ ਨੂੰ ਨਿਰਦੇਸ਼ ਦੇ ਰਿਹਾ ਸੀ। ਆਸ਼ਿਕ ਹੁਸੈਨ ਦੇ ਕਹਿਣ 'ਤੇ ਹੀ ਉਬੈਦ-ਉਲ-ਇਸਲਾਮ ਨੇ ਦਿੱਲੀ ਤੋਂ ਆਉਂਦਿਆਂ ਪੰਜਾਬ ਤੋਂ ਇਹ ਹਥਿਆਰ ਆਪਣੇ ਟਰੱਕ ਵਿੱਚ ਰਖਵਾਏ ਸੀ।


ਉਬੈਦ-ਉਲ-ਇਸਲਾਮ ਨੇ ਪੁੱਛਗਿੱਛ ਵਿੱਚ ਕਬੂਲਿਆ ਹੈ ਕਿ ਉਹ ਆਸ਼ਿਕ ਹੁਸੈਨ ਤੋਂ ਨਿਰਦੇਸ਼ ਲੈ ਰਿਹਾ ਸੀ ਤੇ ਉਸ ਨੂੰ ਆਮਿਰ ਨਾਂ ਦੇ ਇੱਕ ਵਿਅਕਤੀ ਨੇ ਆਸ਼ਿਕ ਹੁਸੈਨ ਨਾਲ ਮਿਲਾਇਆ ਹੈ ਜੋ ਕਸ਼ਮੀਰ ਵਿੱਚ ਇੱਕ ਸਰਕਾਰੀ ਮੁਲਾਜ਼ਮ ਹੈ। ਉਸ ਨੂੰ ਹਾਲ ਹੀ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੋਰ ਪੁੱਛਗਿੱਛ ਵਿੱਚ ਸੁਰੱਖਿਆ ਬਲਾਂ ਨੂੰ ਪਤਾ ਲੱਗਾ ਕਿ ਆਸ਼ਿਕ ਹੁਸੈਨ ਦੇ ਜੰਮੂ ਦੇ ਝੱਜਰ ਕੋਟਲੀ ਵਿੱਚ 12 ਸਤੰਬਰ, 2018 ਨੂੰ ਹੋਏ ਮੁਕਾਬਲੇ ਨਾਲ ਵੀ ਤਾਰ ਜੁੜੇ ਹੋਏ ਸਨ। ਉਸ ਮੁਕਾਬਲੇ ਵਿੱਚ ਜਿਸ ਟਰੱਕ ਵਿੱਚ ਬੈਠ ਕੇ ਅੱਤਵਾਦੀ ਕਸ਼ਮੀਰ ਜਾ ਰਹੇ ਸੀ, ਉਹ ਟਰੱਕ ਰਿਆਜ਼ ਅਹਿਮਦ ਦਾ ਸੀ ਤੇ ਰਿਆਜ਼ ਆਸ਼ਿਕ ਦਾ ਸਕਾ ਭਰਾ ਹੈ।