ਨਵੀਂ ਦਿੱਲੀ: ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਤੇ ਮਹਾਨਗਰ ਟੈਲੀਫੋਨ ਨਿਗਮ ਲਿਮਟਿਡ (MTNL) ਦੇ ਭਵਿੱਖ ਦਾ ਫੈਸਲਾ ਜਲਦ ਆਉਣ ਦੀ ਉਮੀਦ ਹੈ। ਬੀਐਸਐਨਐਲ ਤੇ ਐਮਟੀਐਨਐਲ ਨੂੰ ਪੁਨਰਜੀਵਤ ਕੀਤਾ ਜਾ ਸਕਦਾ ਹੈ ਜਾਂ ਨਹੀਂ, ਇਸ 'ਤੇ ਜਲਦ ਫੈਸਲਾ ਹੋਣ ਦੀ ਉਮੀਦ ਹੈ। ਇਸ ਸਿਲਸਿਲੇ ਵਿੱਚ ਵੀਰਵਾਰ ਦੇਰ ਰਾਤ ਤਕ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ।


ਇਸ ਬੈਠਕ ਵਿੱਚ ਬੀਐਸਨੈਲ ਤੇ MTNL ਦੁਬਾਰਾ ਪਟਰੀ 'ਤੇ ਲਿਆਉਣ ਦੇ ਸਬੰਧ ਵਿੱਚ ਵਿਸਤ੍ਰਿਤ ਵਿਚਾਰ ਵਟਾਂਦਰੇ ਹੋਏ। ਸੂਤਰਾਂ ਮੁਤਾਬਕ ਪੀਐਮਓ ਵੱਲੋਂ ਅਗਲੇ 4-5 ਦਿਨ ਦਾ ਸਮਾਂ ਦਿੱਤਾ ਗਿਆ ਹੈ, ਜਿਸ ਵਿੱਚ ਸਕੱਤਰਾਂ ਦੀ ਇੱਕ ਕਮੇਟੀ ਇਸ ਗੱਲ 'ਤੇ ਫੈਸਲਾ ਕਰੇਗੀ ਕਿ ਕੀ BSNL ਤੇ MTNL ਨੂੰ ਪੁਨਰਜੀਵਤ ਕੀਤਾ ਜਾ ਸਕਦਾ ਹੈ ਜਾਂ ਨਹੀਂ।


ਜੇ ਕਮੇਟੀ ਸਿਫਾਰਸ਼ ਕਰਦੀ ਹੈ ਕਿ ਬੀਐਸਐਨਐਲ ਤੇ ਐਮਟੀਐਨਐਲ ਨੂੰ ਵਾਪਸ ਟਰੈਕ 'ਤੇ ਲਿਆਂਦਾ ਜਾ ਸਕਦਾ ਹੈ, ਤਾਂ ਕੇਂਦਰ ਸਰਕਾਰ ਬੀਐਸਐਨਐਲ ਤੇ ਐਮਟੀਐਨਐਲ ਲਈ ਇਕ ਫਾਰਮੂਲਾ ਤਿਆਰ ਕਰੇਗੀ ਤਾਂ ਜੋ ਘਾਟੇ ਵਿੱਚ ਚੱਲ ਰਹੀਆਂ ਦੋਵਾਂ ਜਨਤਕ ਕੰਪਨੀਆਂ ਨੂੰ ਵਾਪਸ ਟਰੈਕ 'ਤੇ ਲਿਆਇਆ ਜਾ ਸਕੇ।


ਸੂਤਰਾਂ ਅਨੁਸਾਰ ਜੇ ਸਕੱਤਰਾਂ ਦੀ ਕਮੇਟੀ ਬੀਐਸਐਨਐਲ ਅਤੇ ਐਮਟੀਐਨਐਲ ਨੂੰ ਮੁੜ ਸੁਰਜੀਤ ਕਰਨ ਨੂੰ ਮਨਜ਼ੂਰੀ ਦਿੰਦੀ ਹੈ, ਤਾਂ ਪਹਿਲਾਂ ਬੀਐਸਐਨਐਲ ਦੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਲਈ ਵੀਆਰਐਸ ਯਾਨੀ ਸਵੈਇੱਛੁਕ ਰਿਟਾਇਰਮੈਂਟ ਦਾ ਵਿਕਲਪ ਦੇਣ ਦਾ ਫਾਰਮੂਲਾ ਕੱਢਿਆ ਜਾਵੇਗਾ।


ਦਰਅਸਲ, ਬੀਐਸਐਨਐਲ ਦੇ ਕੋਲ ਸਾਰੀਆਂ ਨਿੱਜੀ ਟੈਲੀਕਾਮ ਕੰਪਨੀਆਂ ਨਾਲੋਂ ਕਿਤੇ ਵੱਧ ਕਰਮਚਾਰੀ ਹਨ। ਇਸ ਲਈ ਬੀਐਸਐਨਐਲ ਦੀ ਕਮਾਈ ਦਾ ਵੱਡਾ ਹਿੱਸਾ ਆਪਣੇ ਕਰਮਚਾਰੀਆਂ ਦੀਆਂ ਤਨਖਾਹਾਂ ਅਦਾ ਕਰਨ ਵਿੱਚ ਚਲਾ ਜਾਂਦਾ ਹੈ।


ਬੀਐਸਐਨਐਲ ਵਿੱਚ ਇਸ ਸਮੇਂ ਤਕਰੀਬਨ 1.63 ਲੱਖ ਕਰਮਚਾਰੀ ਹਨ ਜਦਕਿ ਐਮਟੀਐਨਐਲ ਵਿੱਚ 22 ਹਜ਼ਾਰ ਮੁਲਾਜ਼ਮ ਹਨ। ਪਹਿਲੇ ਅੰਦਾਜ਼ੇ ਅਨੁਸਾਰ ਬੀਐਸਐਨਐਲ ਅਤੇ ਐਮਟੀਐਨਐਲ ਦੇ ਕਰਮਚਾਰੀਆਂ ਨੂੰ ਵੀਆਰਐਸ ਪੈਕੇਜ ਮੁਹੱਈਆ ਕਰਵਾਉਣ ਲਈ 8000 ਕਰੋੜ ਰੁਪਏ ਤੋਂ ਵੱਧ ਦੀ ਜ਼ਰੂਰਤ ਹੋਏਗੀ।